ਮੁੱਲਾਂਪੁਰ ਦਾਖਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਮੁੱਲਾਂਪੁਰ ਦਾਖਾ ਨੇੜੇ ਰਕਬਾ ਮੰਡੀ ਵਿੱਚ ਕੀਤੀ ਪੋਲ ਖੋਲ੍ਹ ਰੈਲੀ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਦੇ ਖ਼ਜ਼ਾਨੇ ਕਦੇ ਖਾਲੀ ਨਹੀਂ ਹੁੰਦੇ। ਇਹ ਸਭ ਬਹਾਨੇਬਾਜ਼ੀ ਹੈ ਕਿਉਂਕਿ ਸਰਕਾਰ ਨੇ ਨਾ ਤਾਂ ਸ਼ਰਾਬ ਟੈਕਸ ਮੁਆਫ਼ ਕੀਤਾ ਹੈ ਅਤੇ ਨਾ ਹੀ ਜੀ.ਐਸ.ਟੀ. ਤੋਂ ਛੋਟ ਦਿੱਤੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਉਹ ਚਾਰ ਹਫਤਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ ਪਰ ਇੱਕ ਸਾਲ ਹੋਣ ਦੇ ਬਾਵਜੂਦ ਹਾਲਾਤ ਉਸੇ ਤਰ੍ਹਾਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਗਈ ਸੀ ਪਰ ਹੁਣ ਵਿਕਾਸ ਦੀ ਥਾਂ ਹਲਕੇ ਦਾ ਵਿਨਾਸ਼ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਅਤੇ ਸੂਬਿਆਂ ਵਿੱਚ ਚੋਣਾਂ ਇੱਕਠੀਆਂ ਕਰਵਾਉਣ ਦਾ ਫੈਸਲਾ ਕਰ ਲਿਆ ਹੈ, ਇਸ ਲਈ ਪੰਜਾਬ ਦੀ ਮੌਜੂਦਾ ਸਰਕਾਰ ਦਾ ਸਮਾਂ ਦੋ ਸਾਲ ਤੋਂ ਵੱਧ ਨਹੀਂ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਰਾਜ ਵਿੱਚ ਕੇਤੀਆ ਕਾਂਡ ਦੇ ਦੋਸ਼ੀਆਂ ਨੂੰ ਤਾਂ ਨੌਕਰੀ ਮਿਲ ਸਕਦੀ ਹੈ ਪਰ ਗਰੀਬ ਬੇਰੁਜ਼ਗਾਰਾਂ ਨੂੰ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਬੰਬੀਆਂ ’ਤੇ ਬਿਜਲੀ ਦੇ ਬਿੱਲ ਲਾਏ ਗਏ ਤਾਂ ਇਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇਕਰ ਆਪਣੇ ਬੈਠਣ ਲਈ 50 ਲੱਖ ਰੁਪਏ ਦੀ ਲਾਗਤ ਨਾਲ ਦਫਤਰ ਬਣਾਉਣਾ ਹੋਵੇ ਤਾਂ ਖਜ਼ਾਨਾ ਭਰਿਆ ਹੁੰਦਾ ਹੈ ਅਤੇ ਜੇਕਰ ਵਿਕਾਸ ਕਾਰਜਾਂ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ , ਵਿਧਵਾ ਪੈਨਸ਼ਨ ਤੋਂ ਇਲਾਵਾ ਗਰੀਬ ਵਰਗ ਲਈ ਬਿਜਲੀ ਦੀ 200 ਯੂਨਿਟ ਮਾਫ ਕਰਨ ਦੀ ਗੱਲ ਹੋਵੇ ਤਾਂ ਖਜ਼ਾਨਾ ਖਾਲੀ ਹੋ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਲੋਕਾਂ ਤੋਂ ਜੀ.ਐਸ.ਟੀ. ਦੇ ਨਾਲ-ਨਾਲ ਗੁੰਡਾ ਟੈਕਸ ਵੀ ਵਸੂਲਿਆ ਜਾ ਰਿਹਾ ਹੈ । ਇਸ ਮੌਕੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਜਗਰਾਉਂ ਦੇ ਸਾਬਕਾ ਵਿਧਾਇਕ ਐਸ.ਆਰ ਕਲੇਰ,ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਸਾਬਕਾ ਵਿਧਾਇਕ ਈਸ਼ਰ ਸਿੰਘ ਮੇਹਰਬਾਨ, ਸੀਨੀਅਰ ਭਾਜਪਾ ਆਗੂ ਪ੍ਰਵੀਨ ਬਾਂਸਲ ਆਦਿ ਨੇ ਵੀ ਸੰਬੋਧਨ ਕੀਤਾ।