ਟੋਰਾਂਟੋ, ਦਲੇਰ ਪੱਤਰਕਾਰ ਅਤੇ ‘ਗੁਜਰਾਤ ਫਾਈਲਜ਼’ ਦੀ ਲੇਖਿਕਾ ਰਾਣਾ ਅਯੂਬ ਨੇ ਆਖਿਆ ਕਿ ਦੰਗੇ ਲੋਕ ਨਹੀਂ ਕਰਦੇ ਸਰਕਾਰਾਂ ਦੀ ਗਿਣੀ ਮਿਥੀ ਸਾਜ਼ਿਸ਼ ਨਾਲ ਹੁੰਦੇ ਹਨ। ਬਰੈਂਪਟਨ ਦੇ ਸੈਂਚੁਰੀ ਗਾਰਡਨ ਸੈਂਟਰ ਵਿੱਚ ‘ਸਰੋਕਾਰਾਂ ਦੀ ਆਵਾਜ਼’ ਅਤੇ ‘ਕੈਨੇਡੀਅਨ ਅਗੇਂਸਟ ਟਾਰਚਰ’ ਵੱਲੋਂ ਕਰਵਾਏ ਸਮਾਗਮ ਵਿੱਚ ਉਨ੍ਹਾਂ ਕਿਹਾ ਕਿ ਜੇ 1984 ਦੇ ਕਤਲੇਆਮ ਦਾ ਇਨਸਾਫ਼ ਮਿਲਿਆ ਹੁੰਦਾ ਤਾਂ ਨਾ 1993 ਦਾ ਕਾਂਡ ਵਾਪਰਦਾ ਅਤੇ ਨਾ 2002 ਦੇ ਦੰਗੇ ਹੁੰਦੇ। ਉਸ ਨੇ ਆਖਿਆ ਕਿ ਸਮੱਸਿਆ ਸਿੱਖਾਂ, ਮੁਸਲਮਾਨਾਂ ਜਾਂ ਦਲਿਤਾਂ ਦੀ ਨਹੀਂ, ਸਵਾਲ ਤਾਂ ਇਨਸਾਫ਼ ਦਾ ਹੈ। ਰਾਣਾ ਅਯੂਬ ਅੱਜ ਕੱਲ੍ਹ ਕੈਨੇਡਾ ਵਿੱਚ ਹੈ ਅਤੇ ਜਨਤਕ ਸਮਾਗਮਾਂ ਵਿੱਚ ਆਪਣੇ ਤਜਰਬੇ ਸਾਂਝੇ ਕਰ ਰਹੀ ਹੈ, ਉਸ ਮੁਤਾਬਕ ਵੱਧ ਤੋਂ ਵੱਧ ਲੋਕਾਂ ਤੱਕ ਅਸਲੀਅਤ ਪਹੁੰਚਣੀ ਜ਼ਰੂਰੀ ਹੈ। ਤਹਿਲਕਾ ‘ਰਸਾਲੇ’ ਨਾਲ ਕੰਮ ਕਰਦਿਆਂ ਉਸ ਨੇ ‘ਸਟਿੰਗ’ ਰਾਹੀਂ ਭਾਰਤ ਵਿੱਚ ਮੁਸਲਮਾਨਾਂ ਦੇ ਕਤਲਾਂ ਵਿੱਚ ਪੁਲੀਸ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਦਾ ਖੁਲਾਸਾ ਕੀਤਾ ਅਤੇ ਬਾਅਦ ਵਿੱਚ ਇਨ੍ਹਾਂ ਤੱਥਾਂ ਨੂੰ ਕਿਤਾਬ ‘ਗੁਜਰਾਤ ਫਾਈਲਜ਼’ ਵਿੱਚ ਛਾਪਿਆ। ਇਹ ਕਿਤਾਬ 12 ਭਾਸ਼ਾਵਾਂ ਵਿੱਚ ਡੇਢ ਲੱਖ ਤੋਂ ਵੱਧ ਵਿਕ ਚੁੱਕੀ ਹੈ।