ਚੰਡੀਗੜ੍ਹ, 20 ਨਵੰਬਰ
ਸੈਕਟਰ-53 ਦੇ ਜੰਗਲੀ ਖੇਤਰ ਵਿੱਚ ਲੰਘੇ ਸ਼ੁੱਕਰਵਾਰ ਦੀ ਰਾਤ ਨੂੰ ਥ੍ਰੀਵ੍ਹੀਲਰ ਚਾਲਕ ਸਣੇ ਤਿੰਨ ਵਿਅਕਤੀਆਂ ਵੱਲੋਂ ਇਕ 22 ਸਾਲਾ ਲੜਕੀ ਨਾਲ ਕੀਤੇ ਗਏ ਸਮੂਹਿਕ ਬਲਾਤਕਾਰ ਦੇ ਮਾਮਲੇ ਦੀ ਜਾਂਚ ਸੈਕਟਰ-42 ਦੇ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਿੱਚ ਦੋਸ਼ੀਆਂ ਦੀਆਂ ਤਸਵੀਰਾਂ ਦਿਸਣ ਤੱਕ ਹੀ ਅਟਕੀ ਹੋਈ ਹੈ। ਚੰਡੀਗੜ੍ਹ ਦੇ ਸਮੂਹ ਥਾਣਿਆਂ ਦੀ ਪੁਲੀਸ ਸਮੇਤ ਅਪਰਾਧ ਸ਼ਾਖਾ ਤੇ ਅਪਰੇਸ਼ਨ ਸੈੱਲ ਦੇ ਅਧਿਕਾਰੀਆਂ ਦੀ ਅਗਵਾਈ ਹੇਠ 20 ਟੀਮਾਂ ਅੱਜ ਵੀ ਸਾਰਾ ਦਿਨ ਸੀਸੀਟੀਵੀ ਕੈਮਰਿਆਂ ਵਿੱਚੋਂ ਮੁਲਜ਼ਮਾਂ ਅਤੇ ਥ੍ਰੀਵ੍ਹੀਲਰ ਦੀਆਂ ਮਿਲੀਆਂ ਤਸਵੀਰਾਂ ਨੂੰ ਅਧਾਰ ਬਣਾ ਕੇ ਜਾਂਚ ਕਰਦੀਆਂ ਰਹੀਆਂ। ਇਸੇ ਦੌਰਾਨ ਜਦੋਂ ਪੁਲੀਸ ਦੀ ਇਕ ਟੀਮ ਮੁਲਜ਼ਮਾਂ ਦੀਆਂ ਪੈਟਰੋਲ ਪੰਪ ਦੇ ਕੈਮਰਿਆਂ ਵਿੱਚੋਂ ਮਿਲੀਆਂ ਫੋਟੋਆਂ ਲੈ ਕੇ ਮੁਹਾਲੀ ਦੇ ਇਕ ਸ਼ਰਾਬ ਦੇ ਠੇਕੇ ’ਤੇ ਪੁੱਜੀ ਤਾਂ ਪੁਲੀਸ ਅਧਿਕਾਰੀਆਂ ਨੂੰ ਉੱਥੋਂ ਥੋੜੀ-ਬਹੁਤੀ ਸੂਹ ਲੱਗਣ ਦੀ ਜਾਣਕਾਰੀ ਮਿਲੀ ਹੈ।
ਸੂਤਰਾਂ ਅਨੁਸਾਰ ਪੁਲੀਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਦੀਆਂ ਫੋਟੋਆਂ ਦਿਖਾਉਣ ’ਤੇ ਸ਼ਰਾਬ ਠੇਕੇ ਦੇ ਕਰਿੰਦਿਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਮੁਲਜ਼ਮਾਂ ਨੇ ਘਟਨਾ ਵਾਲੀ ਰਾਤ ਇੱਥੇ ਲੰਮਾ ਸਮਾਂ ਰੁਕ ਕੇ ਬੀਅਰ ਪੀਤੀ ਸੀ। ਹੱਥ ਲੱਗੇ ਇਸ ਤੱਥ ਤੋਂ ਬਾਅਦ ਪੁਲੀਸ ਅਧਿਕਾਰੀਆਂ ਵੱਲੋਂ ਕੁਝ ਨਵੀਆਂ ਥਿਊਰੀਆਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਐਸਐਸਪੀ ਨੀਲਾਂਬਰੀ ਜਗਦਲੇ ਵਿਜੈ ਨੇ ਦੱਸਿਆ ਕਿ ਇਸ ਪੜਤਾਲ ਵਿੱਚ ਟਰੈਫਿਕ ਪੁਲੀਸ ਅਤੇ ਪੁਲੀਸ ਕੰਟਰੋਲ ਰੂਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਹਿਰ ਦੇ ਗੈਸਟ ਹਾਊਸਾਂ ਤੇ ਹੋਟਲਾਂ ਦੇ ਰਿਕਾਰਡ ਸਮੇਤ ਆਟੋ ਸਟੈਂਡਜ਼ ਦੇ ਰਜਿਸਟਰਾਂ ਨੂੰ ਵੀ ਖੰਘਾਲਿਆ ਗਿਆ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿੱਚੋਂ ਮਿਲੀਆਂ ਫੋਟੋਆਂ ਨੂੰ ਹੋਰ ਸਾਫ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਕਈ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਆਟੋ ਰਿਕਸ਼ਾ ਯੂਨੀਅਨਾਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਥ੍ਰੀਵ੍ਹੀਲਰ ਚਾਲਕਾਂ ਨੂੰ ਮੁਲਜ਼ਮਾਂ ਦੀਆਂ ਫੋਟੋਆਂ ਦਿਖਾ ਕੇ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਪੁਲੀਸ ਹੈੱਡਕੁਆਰਟਰ ਵਿੱਚ ਇਸ ਕੇਸ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਹੋਇਆ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਮਹਿਲਾਵਾਂ ’ਤੇ ਅਪਰਾਧਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਘਟਨਾ ਨੂੰ ਲੈ ਕੇ ਹਰੇਕ ਵਰਗ ਵਿੱਚ ਰੋਸ ਹੈ ਅਤੇ ਜੇ ਪੁਲੀਸ ਕੇਸ ਨੂੰ ਜਲਦੀ ਹੱਲ ਕਰਨ ਵਿੱਚ ਅਸਮਰੱਥ ਰਹੀ ਤਾਂ ਸ਼ਹਿਰ ਵਿੱਚ ਲੋਕ ਅੰਦੋਲਨ ਛਿੜਨ ਦੇ ਸੰਕੇਤ ਵੀ ਮਿਲੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਵੀ ਦਸੰਬਰ ਮਹੀਨੇ ਵਿੱਚ ਸੈਕਟਰ-34 ਦੇ ਕਾਲ ਸੈਂਟਰ ਵਿੱਚ ਕੰਮ ਕਰਦੀ ਇਕ ਲੜਕੀ ਨੇ ਸੈਕਟਰ-21 ਤੇ 34 ਨੂੰ ਵੰਡਦੀ ਸੜਕ ਤੋਂ ਆਪਣੇ ਘਰ ਹੱਲੋਮਾਜਰਾ ਜਾਣ ਲਈ ਥ੍ਰੀਵ੍ਹੀਲਰ ਲਿਆ ਸੀ। ਥ੍ਰੀਵ੍ਹੀਲਰ ਚਾਲਕ ਅਤੇ ਉਸ ਦੇ ਸਾਥੀ ਨੇ ਚਾਕੂ ਦੀ ਨੋਕ ’ਤੇ ਲੜਕੀ ਨਾਲ ਸੈਕਟਰ-29 ਦੇ ਜੰਗਲੀ ਖੇਤਰ ਵਿੱਚ ਸਮੂਹਿਕ ਬਲਾਤਕਾਰ ਕੀਤਾ ਸੀ। ਪੁਲੀਸ ਹਾਲੇ ਤੱਕ ਉਨ੍ਹਾਂ ਦੋ ਮੁਲਾਜ਼ਮਾਂ ਵਿੱਚੋਂ ਇਕ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਵਧੇਰੇ ਥ੍ਰੀਵ੍ਹੀਲਰ ਚਾਲਕਾਂ ਕੋਲ ਫ਼ਰਜ਼ੀ ਡਰਾਈਵਿੰਗ ਲਾਈਸੈਂਸ ਹਨ। ਅਜਿਹੇ ਧੋਖੇਬਾਜ਼ ਚਾਲਕ ਚਾਲਾਨ ਹੋਣ ’ਤੇ ਮੁੜ ਜਾਅਲੀ ਡਰਾਈਵਿੰਗ ਲਾਇਸੈਂਸ ਹਾਸਲ ਕਰ ਲੈਂਦੇ ਹਨ।
ਪੁਲੀਸ ਤੇ ਐਸਟੀਏ ਸਣੇ ਸਿਆਸੀ ਆਗੂ ਵੀ ਨੇ ਜ਼ਿੰਮੇਵਾਰ
ਥ੍ਰੀਵ੍ਹੀਲਰ ਚਾਲਕਾਂ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਅਪਰਾਧਿਕ ਘਟਨਾਵਾਂ ਦੇ ਬਾਵਜੂਦ ਪੁਲੀਸ ਤੇ ਸਟੇਟ ਟਰਾਂਸਪੋਰਟ ਅਥਾਰਟੀ ਤੋਂ ਇਲਾਵਾ ਸਿਆਸੀ ਆਗੂਆਂ ਨੇ ਵੀ ਕੋਈ ਸਬਕ ਨਹੀਂ ਲਿਆ ਹੈ। ਦੱਸਣਯੋਗ ਹੈ ਕਿ ਕਈ ਸਾਲ ਪਹਿਲਾਂ ਯੂਟੀ ਪ੍ਰਸ਼ਾਸਨ ਨੇ ਡੀਜ਼ਲ ਨਾਲ ਚੱਲਣ ਵਾਲੇ ਥ੍ਰੀਵ੍ਹੀਲਰਾਂ ਸਣੇ ਹੋਰ ਰਾਜਾਂ ’ਚ ਰਜਿਸਟਰਡ ਥ੍ਰੀਵ੍ਹੀਲਰਾਂ ਦੇ ਚੰਡੀਗੜ੍ਹ ਵਿੱਚ ਚੱਲਣ ’ਤੇ ਰੋਕ ਲਾ ਦਿੱਤੀ ਸੀ ਪਰ ਇਸ ਫੈਸਲੇ ਨੂੰ ਲਾਗੂ ਕਰਵਾਉਣ ’ਚ ਟਰੈਫਿਕ ਪੁਲੀਸ ਅਤੇ ਐਸਟੀਏ ਕਦੇ ਸੁਹਿਰਦ ਨਹੀਂ ਦਿਸੀ। ਕੁਝ ਸਿਆਸੀ ਆਗੂਆਂ ਨੇ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਨਾਜਾਇਜ਼ ਚੱਲਦੇ ਇਨ੍ਹਾਂ ਥ੍ਰੀਵ੍ਹੀਲਰਾਂ ਦੇ ਚਾਲਕਾਂ ਨੂੰ ਸ਼ਹਿ ਦੇ ਕੇ ਸ਼ਹਿਰ ਨੂੰ ਖਤਰੇ ਵਿੱਚ ਪਾਇਆ ਹੋਇਆ ਹੈ।