ਸਮਾਣਾ/ਰਾਮਨਗਰ, ਨੇੜਲੇ ਪਿੰਡ ਖੇੜੀ ਫੱਤਣ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਬੇਅਦਬੀ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਗੁਰਦੁਆਰਾ ਸਾਹਿਬ ਖੇੜੀ ਫੱਤਣ ਦੇ ਗ੍ਰੰਥੀ ਗੁਰਨਾਮ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਵਾ ਨੌਂ ਵਜੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਪੱਤਰੇ ਪਾੜੇ ਪਏ ਸਨ। ਰੁਮਾਲਾ ਸਾਹਿਬ ਵੀ ਆਪਣੀ ਥਾਂ ਤੋਂ ਹਟਿਆ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਨੇੜੇ ਮੁੰਨੀ ਨਾਂ ਦੀ ਔਰਤ ਬੈਠੀ ਸੀ, ਜਿਸ ਦੇ ਹੱਥ ਵਿੱਚ ਵੀ ਪਾਵਨ ਸਰੂਪ ਦੇ ਪੱਤਰੇ ਸਨ। ਗ੍ਰੰਥੀ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਵਾਸੀਆਂ ਤੇ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ’ਤੇ ਹੀ ਮੁੰਨੀ (55) ਵਾਸੀ ਪਿੰਡ ਬਿਜਲਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਪਾਵਨ ਸਰੂਪ ਦੀ ਬੇਅਦਬੀ ਕਰਨ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ। ਇਹ ਮਹਿਲਾ ਆਪਣੀ ਧੀ ਦੇ ਸਹੁਰੇ ਘਰ ਆਈ ਹੋਈ ਸੀ। ਇਸ ਮੌਕੇ ਟੀਮ ਨੇ ਪਿੰਡ ਦੇ ਲੋਕਾਂ ਵਿੱਚੋਂ ਗੁਰਦੁਆਰੇ ਦੀ ਸਾਂਭ-ਸੰਭਾਲ ਲਈ 11 ਮੈਂਬਰੀ ਟੀਮ ਦਾ ਗਠਨ ਕੀਤਾ।