ਚੰਡੀਗੜ੍ਹ, 14 ਅਪਰੈਲ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਫਾਇਰਮੈਨ ਅਤੇ ਅਫਸਰ, ਜੋ ਡਿਊਟੀ ਦੌਰਾਨ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਦੂਜਿਆਂ ਦੀਆਂ ਜ਼ਿੰਦਗੀਆਂ ਬਚਾਉਂਦੇ ਹਨ, ਅਸਰਦਾਰ ਅਤੇ ਸਮਰੱਥ ਫਾਇਰ ਸੇਫਟੀ ਢਾਂਚਾ ਮੁਹੱਈਆ ਕਰਵਾਏ ਜਾਣ ਦੇ ਹੱਕਦਾਰ ਹਨ।
ਅੱਜ ਇੱਥੇ ਫਾਇਰ ਸੇਫਟੀ ਹਫ਼ਤੇ ਦੇ ਉਦਘਾਟਨੀ ਸਮਾਰੋਹ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜਾਬ ਵਿੱਚ ਪਹਿਲੀ ਵਾਰ 14 ਤੋਂ 20 ਅਪਰੈਲ ਤੱਕ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਫਾਇਰ ਸੇਫਟੀ ਹਫ਼ਤੇ ਦੇ ਉਦਘਾਟਨੀ ਸਮਾਰੋਹ ਦੌਰਾਨ ਸ਼ਹੀਦ ਫਾਇਰ ਕਰਮੀਆਂ ਦੇ ਪਰਿਵਾਰਾਂ ਅਤੇ ਫਾਇਰਮੈਨਜ਼ ਦਾ ਸਰਕਾਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ। ਪੰਜਾਬ ਨੇ ਕੇਂਦਰ ਸਰਕਾਰ ਨੂੰ 500 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਹੈ, ਜਿਸ ਨਾਲ ਇਨ੍ਹਾਂ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਫਾਇਰ ਸੂਟ ਲਈ ਵਿਸ਼ੇਸ਼ ਤੌਰ ’ਤੇ ਅੱਠ ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਤੋਂ ਇਲਾਵਾ 11 ਕਰੋੜ ਰੁਪਏ ਦੀ ਲਾਗਤ ਵਾਲੀਆਂ ਕੁੱਲ 20 ਫਾਇਰ ਗੱਡੀਆਂ ਨੂੰ ਖਰੀਦਣ ਦਾ ਆਰਡਰ ਦਿੱਤਾ ਗਿਆ ਹੈ ਅਤੇ 50 ਹੋਰ ਗੱਡੀਆਂ ਖਰੀਦਣ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਅੱਠ ਨਗਰ ਨਿਗਮਾਂ ਨੂੰ ਫਾਇਰ ਗੱਡੀਆਂ ਖਰੀਦਣ 8 ਕਰੋੜ ਰੁਪਏ ਦਿੱਤੇ ਜਾਣਗੇ।
ਵਿਭਾਗ ਦਾ ਟੀਚਾ 50 ਹਜ਼ਾਰ ਵਸੋਂ ਪਿੱਛੇ ਇੱਕ ਗੱਡੀ ਖਰੀਦਣ ਦਾ ਟੀਚਾ ਹੈ ਅਤੇ ਆਉਂਦੇ ਚਾਰ ਸਾਲਾਂ ਦੌਰਾਨ ਇਸ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਫਾਇਰ ਸੇਵਾਵਾਂ ਵਿੱਚ 500 ਅਸਾਮੀਆਂ ’ਤੇ ਭਰਤੀ ਕੀਤੀ ਜਾਵੇਗੀ।
ਸ੍ਰੀ ਸਿੱਧੂ ਨੇ ਅੱਗ ਬੁਝਾਊ ਗੱਡੀਆਂ, ਅੱਗ ਬਚਾਉਣ ਦੀਆਂ ਘਟਨਾਵਾਂ ਲਈ ਵਰਤੇ ਜਾਂਦੇ ਅਤਿ-ਆਧੁਨਿਕ ਉਪਕਰਨਾਂ ਦੀ ਨੁਮਾਇਸ਼ ਅਤੇ ਇਨ੍ਹਾਂ ਉਪਕਰਨਾਂ ਦੀ ਡਰਿੱਲ ਵੀ ਦੇਖੀ। ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਫਾਇਰ ਸੇਫਟੀ ਹਫ਼ਤੇ ਦੌਰਾਨ ਸਾਰੇ ਸ਼ਹਿਰਾਂ/ਕਸਬਿਆਂ ਵਿੱਚ ਲੋਕਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਣ ਬਾਰੇ ਜਾਗਰੂਕ ਕੀਤਾ ਜਾਵੇਗਾ।