ਚੰਡੀਗੜ੍ਹ/ਮੁਹਾਲੀ, ਪੰਜਾਬ ਦੇ ਕਾਰੋਬਾਰੀਆਂ ਨੇ ਕੈਪਟਨ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਸਿਰਜਣ ਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਸਨਅਤਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਲਾਗੂ ਕੀਤਾ ਜਾਵੇ।
ਇਹ ਵਿਚਾਰ ਅੱਜ ਮੁਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨਸ ਵਿੱਚ ਐਂਪਲਾਇਅਰਜ਼ ਮੀਟ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਅਤੇ ਕਾਰੋਬਾਰ ਮਿਸ਼ਨ ਸਬੰਧੀ ਕਰਵਾਏ ਸੰਮੇਲਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਕਾਰੋਬਾਰੀਆਂ ਨੇ ਪੇਸ਼ ਕੀਤੇ। ਇੰਡੀਆ ਕੌਂਸਲ ਫਾਰ ਰਿਸਰਚ ਆਨ ਇੰਟਰਨੈਸ਼ਨਲ ਇਕਨੌਮਿਕਸ ਦੀ ਚੇਅਰਪਰਸਨ ਇਸ਼ਰ ਜੱਜ ਆਹਲੂਵਾਲੀਆ ਨੇ ਕਿਹਾ ਕਿ ਰੁਜ਼ਗਾਰ ਦੇ ਮਾਮਲੇ ਵਿੱਚ ਪੰਜਾਬ ਨੇ ਮੌਕਾ ਖੁੰਜਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੀਪੀਪੀ ਤਹਿਤ ਆਧਾਰੀ ਢਾਂਚੇ ਦੇ ਪ੍ਰਾਜੈਕਟ ਲਾਉਣੇ ਚਾਹੀਦੇ ਹਨ। ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਦੇ ਮੀਤ ਪ੍ਰਧਾਨ ਏ. ਐੱਸ. ਮਿੱਤਲ ਨੇ ਪੰਜਾਬੀਆਂ ਦੀਆਂ ਖ਼ੂਬੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਸਰਕਾਰ ਵੱਲੋਂ ਤਾਪ ਬਿਜਲੀ ਬੰਦ ਕਰਨ ਦੀ ਯੋਜਨਾ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਤਾਪ ਬਿਜਲੀ ਘਰ ਬੰਦ ਨਹੀਂ ਕਰਨੇ ਚਾਹੀਦੇ ਤੇ 24 ਘੰਟੇ ਬਿਜਲੀ ਦੇਣੀ ਚਾਹੀਦੀ ਹੈ, ਜਿਸ ਨਾਲ ਗੋਬਿੰਦਗੜ੍ਹ ਦੀਆਂ ਬੰਦ ਫੈਕਟਰੀਆਂ ਵੀ ਚੱਲ ਪੈਣਗੀਆਂ ਤੇ ਹੋਰ ਸ਼ਹਿਰਾਂ ਦੀ ਸਨਅਤਾਂ ਨੂੰ ਵੀ ਹੁਲਾਰਾ ਮਿਲੇਗਾ। ਵਰਧਮਾਨ ਟੈਕਸਟਾਈਲਜ਼ ਦੇ ਪੌਲ ਓਸਵਾਲ ਨੇ ਕਿਹਾ ਕਿ ਸੰਮੇਲਨ ਵਿੱਚ ਹਿੱਸਾ ਲੈ ਰਹੇ 90 ਫ਼ੀਸਦੀ ਕਾਰੋਬਾਰੀ ਪੰਜਾਬੀ ਹਨ, ਜਿਹੜੇ ਪੰਜਾਬ ਵਿੱਚ ਪ੍ਰਵਾਨ ਚੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਸੂਬੇ ਦੀ ਸਥਿਤੀ ਧਮਾਕਾਖੇਜ਼ ਹੋ ਜਾਵੇਗੀ। ਉਨ੍ਹਾਂ ਦਾਅਦਾ ਕੀਤਾ ਕਿ ਉਹ ਆਪਣੀ ਫੈਕਟਰੀਆਂ ਵਿੱਚ ਦਸ ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ।
ਟਾਇਨੌਰ ਆਰਥੋਟਿਕਸ ਦੇ ਐਮਡੀ ਡਾ. ਪੀ.ਜੇ ਸਿੰਘ ਨੇ ਵਿੱਤ ਅਤੇ ਰੁਜ਼ਗਾਰ ਉਤਪਤੀ ਦੇ ਗੁਰ ਦੱਸੇ। ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਨਾਲ ਸਬੰਧ ਰੱਖਣ ਵਾਲੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸਨਅਤਕਾਰਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।