ਚੰਡੀਗੜ•/18 ਅਕਤੂਬਰ:ਕਾਂਗਰਸੀ ਹਕੂਮਤ ਨੂੰ ਆਮ ਆਦਮੀ ਵਾਸਤੇ ਸਭ ਤੋਂ ਮਾੜਾ ਸਮਾਂ ਕਰਾਰ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਕੈਬਨਿਟ ਵੱਲੋਂ ਸਟੈਂਪ ਡਿਊਟੀ ਵਧਾਉਣ ਦਾ ਲਿਆ ਫੈਸਲਾ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦੇਵੇਗਾ।
ਪੰਜਾਬ ਦੇ ਵੋਟਰਾਂ ਨਾਲ ਕੀਤੇ ਵਾਅਦਿਆਂ ਤੋ ਮੁਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਝਾੜਝੰਬ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ 17 ਚੀਜ਼ਾਂ ਉੱਤੇ ਸਟੈਂਪ ਡਿਊਟੀ ਵਿਚ ਕੀਤਾ ਗਿਆ ਵਾਧਾ ਪਹਿਲਾਂ ਤੋਂ ਟੈਕਸਾਂ ਦੇ ਰੂਪ ਵਿਚ ਭਾਰੀ ਰਕਮ ਅਦਾ ਕਰ ਰਹੇ ਆਮ ਆਦਮੀ ਦਾ ਕਚੂਮਰ ਕੱਢ ਕੇ ਰੱਖ ਦੇਵੇਗਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਦੀ ਮੀਟਿੰਗ ਸਵੀਕਾਰ ਕੀਤਾ ਹੈ ਕਿ ਸਾਡੇ ਗੁਆਂਢੀ ਰਾਜ ਹਰਿਆਣਾ ਦੇ ਮੁਕਾਬਲੇ ਪੰਜਾਬ ਵਿਚ ਪੈਟਰੋਲ, ਡੀਜ਼ਲ ਅਤੇ ਬਿਜਲੀ ਮਹਿੰਗੀ ਹੈ। ਉਹਨਾਂ ਕਿਹਾ ਕਿ ਵੱਧ ਟੈਕਸ ਲਾਉਣ ਬਾਰੇ ਮੁੱਖ ਮੰਤਰੀ ਦੀ ਘਸੀ ਪਿਟੀ ‘ਆਮਦਨ ਵਧਾਉਣ’ ਦੀ ਦਲੀਲ ਸਮਾਜ ਦੇ ਸਾਰੇ ਵਰਗਾਂ ਦਾ ਗਲਾ ਘੁੱਟ ਰਹੀ ਹੈ।
ਮਜੀਠੀਆ ਨੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਕਿੰਨੇ ਦੁਖ ਦੀ ਗੱਲ ਹੈ ਕਿ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਆਮ ਆਦਮੀ ਪ੍ਰਤੀ ਇੰਨੀ ਕਠੋਰਤਾ ਵਿਖਾਈ ਜਾ ਰਹੀ ਹੈ, ਜਿਹੜਾ ਮਹਿੰਗਾਈ ਕਾਰਣ ਬੜੀ ਮੁਸ਼ਕਿਲ ਨਾਲ ਪੈਸੇ ਜੋੜ ਕੇ ਆਪਣੇ ਪਰਿਵਾਰ ਦਾ ਚਾਅ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਦੀ ਅਰਥ-ਵਿਵਸਥਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਜਦੋਂ ਦੀ ਇਹ ਸਰਕਾਰ ਬਣੀ ਹੈ, ਇਸ ਨੇ ਗਰੀਬਾਂ ਲਈ ਕੱਖ ਵੀ ਨਹੀਂ ਕੀਤਾ ਹੈ। ਇਹ ਅਮੀਰਾਂ ਦੀ ਪਾਰਟੀ ਹੈ, ਜਿਹੜੀ ਸਿਰਫ ਅਮੀਰਾਂ ਦੇ ਹਿੱਤਾਂ ਦਾ ਹੀ ਧਿਆਨ ਰੱਖਦੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਵਧਾਉਣ ਦੀ ਕੀ ਤੁਕ ਬਣਦੀ ਹੈ? ਮੁੱਖ ਮੰਤਰੀ ਨੂੰ ਯਾਦ ਕਰਵਾਉਣਾ ਚਾਹੀਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਅੰਦਰ ਬਿਜਲਈ ਪਲਾਂਟ ਲਗਾਕੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਅੱਜ ਮਨਪ੍ਰੀਤ ਵਰਗੇ ਵਿਅਕਤੀ ਵਸੀਲੇ ਵਧਾਉਣ ਦੇ ਨਾਂ ਉੱਤੇ ਗਰੀਬ ਆਦਮੀ ਦਾ ਖੂਨ ਪੀਣਾ ਚਾਹੁੰਦੇ ਹਨ।
ਅਕਾਲੀ ਆਗੂ ਨੇ ਕੈਬਟਿਨ ਦੇ ਫੈਸਲੇ ਨੂੰ ਗਰੀਬ-ਵਿਰੋਧੀ, ਸੂਝ ਤੋਂ ਕੋਰਾ ਅਤੇ ਤਰਕਹੀਣ ਕਰਾਰ ਦਿੱਤਾ ਹੈ।ਉਹਨਾਂ ਇਹ ਵੀ ਦੱਸਿਆ ਕਿ ਸਟੈਂਪ ਡਿਊਟੀ ਵਿਚ ਪਿਛਲੀ ਵਾਰ ਸੋਧ 2009 ਵਿਚ ਕੀਤੀ ਗਈ ਸੀ, ਕਿਉਂਕਿ ਅਕਾਲੀ ਦਲ ਹਮੇਸ਼ਾਂ ਗਰੀਬ ਅਤੇ ਆਮ ਆਦਮੀ ਨਾਲ ਡਟ ਕੇ ਖੜ•ਦਾ ਹੈ। ਉਹਨਾਂ ਕਿਹਾ ਕਿ ਅਸੀਂ ਆਮ ਲੋਕਾਂ ਦੀ ਪਾਰਟੀ ਹਾਂ, ਜਿਸ ਕਰਕੇ ਅਸੀਂ ਜਾਣਦੇ ਹਾਂ ਕਿ ਆਰਥਿਕ ਤੰਗੀ ਕਰਕੇ ਬੰਦੇ ਨੂੰ ਕਿੰਨੀਆਂ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।