ਸੰਗਰੂਰ, ਵਿਜੀਲੈਂਸ ਬਿਓਰੋ  ਮੁਹਾਲੀ ਦੀ ਟੀਮ ਵੱਲੋਂ ਸਥਾਨਕ ਸ਼ਹਿਰ ਦੇ ਮਿੱਤਲ ਭਰਾਵਾਂ ਦੀ ਗ੍ਰਿਫ਼ਤਾਰੀ ਲਈ ਅੱਜ ਇੱਥੇ ਉਨ੍ਹਾਂ ਦੀ ਰਿਹਾਇਸ਼ ਅਤੇ ਫਰਮ ਉਪਰ ਛਾਪੇ ਮਾਰੇ ਗਏ, ਪਰ ਕੁੱਝ ਹੱਥ ਨਹੀਂ ਲੱਗਿਆ। ਬਲਾਕ ਸਮਿਤੀ ਖਰੜ ਅਧੀਨ ਆਉਂਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਟੇਸ਼ਨਰੀ ਸਪਲਾਈ ਕਰਨ ਵਿੱਚ ਹੋਏ ਕਥਿਤ ਘਪਲੇ ਦੇ ਕੇਸ ਵਿੱਚ ਵਿਜੀਲੈਂਸ ਨੂੰ ਮਿੱਤਲ ਭਰਾ ਲੋੜੀਂਦੇ ਹਨ।
ਵਿਜੀਲੈਂਸ ਬਿਓਰੋ  ਮੁਹਾਲੀ ਦੇ ਡੀਐੱਸਪੀ ਰਾਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਫੰਡਾਂ ਵਿੱਚ ਘਪਲੇ ਦੇ ਦੋਸ਼ ਹੇਠ ਬਲਾਕ ਸਮਿਤੀ ਖਰੜ ਦੇ ਚੇਅਰਮੈਨ ਰੇਸ਼ਮ ਸਿੰਘ ਨੂੰ ਪੰਜਾਬ ਸਰਕਾਰ ਨੂੰ ਕਰੀਬ 37.50 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਉਸ ਵੱਲੋਂ ਹੋਰਨਾਂ ਦੀ ਮਿਲੀਭੁਗਤ ਨਾਲ ਬਲਾਕ ਸਮਿਤੀ ਖਰੜ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੀ ਵਰਤੋਂ ਲਈ ਸਟਾਕ ਰਜਿਸਟਰਾਂ, ਕੈਸ਼ ਰਜਿਸਟਰ, ਸਟਾਕ ਰਜਿਸਟਰ ਤੇ ਪੰਚਾਇਤੀ ਰਾਜ ਐਕਟ ਅਧੀਨ ਮਸਟਰ ਰੋਲ ਆਦਿ ਦੀ ਖ਼ਰੀਦ ਕਰਨ ਲਈ ਜੇ.ਆਰ.ਪ੍ਰਿੰਟਰਜ਼ ਫਰਮ ਨੂੰ ਗ਼ਲਤ ਆਰਡਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪ੍ਰਾਈਵੇਟ ਫਰਮ ਜੇ.ਆਰ.ਪ੍ਰਿੰਟਰਜ਼ ਦੇ ਮਾਲਕ ਪੁਨੀਤ ਮਿੱਤਲ, ਰਾਜਿੰਦਰਪਾਲ ਮਿੱਤਲ ਤੇ ਜੀਤਪਾਲ ਮਿੱਤਲ ਵਾਸੀਆਨ ਸੰਗਰੂਰ ਖ਼ਿਲਾਫ਼ ਕੇਸ ਤਹਿਤ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਹਨ।
ਉਨ੍ਹਾਂ ਦੱਸਿਆ ਕਿ ਵਿਜੀਲੈਂਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਫਰਮ ਦੁਆਰਾ ਉਕਤ ਆਰਡਰ ਕੀਤੀ ਕੋਈ ਵੀ ਸਟੇਸ਼ਨਰੀ ਪੰਚਾਇਤ ਸਮਿਤੀ ਜਾਂ ਕਿਸੇ ਪੰਚਾਇਤ ਨੂੰ ਸਪਲਾਈ ਨਹੀਂ ਕੀਤੀ ਗਈ। ਬਲਾਕ ਸਮਿਤੀ ਖਰੜ ਦੇ ਚੇਅਰਮੈਨ, ਬੀਡੀਪੀਓ ਸਮੇਤ ਸਾਰੇ ਵਿਅਕਤੀਆਂ ਵੱਲੋਂ ਇੱਕ ਦੂਜੇ ਨਾਲ ਕਥਿਤ ਮਿਲੀਭੁਗਤ ਕਰਕੇ ਸਰਕਾਰੀ ਰਕਮ ਨੂੰ ਆਪਸ ਵਿੱਚ ਹੀ ਵੰਡ ਲਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਕੇਸਾਂ ਵਿੱਚ ਉਨ੍ਹਾਂ ਨੇ ਪਿਛਲੀ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਦਰਸਾਉਣ ਵਾਲੇ ਵੱਖ-ਵੱਖ ਪਿੰਡਾਂ ਦੇ ਫਲੈਕਸ ਬੋਰਡ ਲਗਾਉਣ ਲਈ ਕਰੀਬ 10.25 ਲੱਖ ਰੁਪਏ ਘੁਟਾਲਾ ਕਰਨ ਮੌਕੇ ਵੀ ਇਹੋ ਹੀ ਤਰੀਕਾ ਅਪਣਾਇਆ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। ਵਿਜੀਲੈਂਸ ਅਨੁਸਾਰ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਚੇਅਰਮੈਨ ਅਤੇ ਬੀਡੀਪੀਓ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਉਚ ਅਧਿਕਾਰੀਆਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕੀਤੇ ਬਿਨਾਂ ਹੀ ਉਪਰੋਕਤ ਕੰਮਾਂ ਨੂੰ ਆਪਣੇ ਪੱਧਰ ’ਤੇ ਉਕਤ ਚਰਚਿਤ ਫਰਮ ਨੂੰ ਕੰਮ ਅਲਾਟ ਕਰ ਦਿੱਤਾ। ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੂੰ ਇਨ੍ਹਾਂ ਅਧਿਕਾਰੀਆਂ ਦੇ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਵੱਖ-ਵੱਖ ਕੰਮਾਂ ਵਿੱਚ ਕਈ ਹੋਰ ਕਥਿਤ ਘੁਟਾਲਿਆਂ ਵਿੱਚ ਸ਼ਾਮਲ ਹੋਣ ਦਾ ਵੀ ਸ਼ੱਕ ਹੈ।
ਇਸ ਸਬੰਧੀ ਮਿੱਤਲ ਟਰੇਡਰਜ਼ ਦੇ ਮਾਲਕ ਸੁਰਿੰਦਰਪਾਲ ਮਿੱਤਲ ਦਾ ਕਹਿਣਾ ਹੈ ਕਿ ਜੇ.ਆਰ. ਪ੍ਰਿੰਟਰਜ਼ ਫਰਮ ਵੱਲੋਂ ਮਾਲ ਸਪਲਾਈ ਕੀਤਾ ਗਿਆ ਸੀ, ਜਿਸ ਦੀ ਪੇਮੈਂਟ ਵਸੂਲ ਲਈ ਸੀ। ਜੇਕਰ ਸਬੰਧਤ ਦਫ਼ਤਰ ਨੇ ਆਪਣੀ ਕਾਗਜ਼ੀ ਕਾਰਵਾਈ ਸਹੀ ਤਰੀਕੇ ਨਾਲ ਮੁਕੰਮਲ ਨਹੀਂ ਕੀਤੀ ਤਾਂ ਇਸ ਵਿੱਚ ਫਰਮ ਦਾ ਕੋਈ ਕਸੂਰ ਨਹੀਂ ਹੈ। ਸਾਨੂੰ ਇਸ ਕੇਸ ਵਿੱਚ ਜਾਣ-ਬੁੱਝ ਕੇ ਘਸੀਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਪਿੰਡ ਝਿਊਰਹੇੜੀ ਦੀ ਪੰਚਾਇਤ ਵੱਲੋਂ ਆਰਸੀਸੀ ਬੈਂਚ ਖ਼ਰੀਦ ਮਾਮਲੇ ਵਿੱਚ 82 ਲੱਖ ਰੁਪਏ ਦੇ ਕਥਿਤ ਘਪਲੇ ਵਿੱਚ ਵੀ ਮਿੱਤਲ ਟਰੇਡਰਜ਼ ਦੇ ਦੋ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।