ਕੁਝ ਮਹੀਨੇ ਪਹਿਲਾਂ ਸਪੇਨ ਦੇ ਫੁਟਬਾਲ ਕਲੱਬ ਬਾਰਸੀਲੋਨਾ ਨੂੰ ਅਲਵਿਦਾ ਆਖ ਫਰਾਂਸ ਦੇ ਪੈਰਿਸ ਸੇਂਟ-ਜਰਮੇਨ ਐਫਸੀ ਦੀ ਟੀਮ ਵੱਲੋਂ ਖੇਡਣ ਲਈ ਮੈਦਾਨ ’ਚ ਨਿਤਰਨ ਵਾਲੇ ਨੇਮਾਰ ਦਾ ਵਿਵਾਦ ਅਜੇ ਵੀ ਪਿੱਛਾ ਨਹੀਂ ਛੱਡ ਰਹੇ। ਬਰਾਜ਼ੀਲੀ ਸਟਰਾਈਕਰ ਨੇਮਾਰ ਦਾ ਇਹ ਨਵਾਂ ਵਿਵਾਦ ਵੀ ਫਰਾਂਸੀਸੀ ਕਲੱਬ ਪੀਐਸਜੀ ਵਲੋਂ ਪਹਿਲਾਂ ਖੇਡ ਰਹੇ ਸੌਕਰ ਖਿਡਾਰੀਆਂ ਨਾਲ ਜੁੜਿਆ ਹੈ, ਜਿਹੜੇ ਨੇਮਾਰ ਨੂੰ ਕਲੱਬ ਵਲੋਂ ਦਿੱਤੀਆਂ ਜਾਣ ਵਾਲੀਆਂ ਵਿਸ਼ੇਸ਼ ਸਹੂਲਤਾਂ ਤੋਂ ਪ੍ਰੇਸ਼ਾਨ ਹਨ। ਫਰਾਂਸ ਦੇ ਪੀਐਸਜੀ ’ਚ ਨੇਮਾਰ ਦਾ ਨਵਾਂ ਵਿਵਾਦ ਸਭ ਤੋਂ ਪਹਿਲਾਂ ਡਿਫੈਂਡਰ ਅਡਿਨਸਨ ਕਵਾਨੀ ਨਾਲ ਮੈਚ ਦੌਰਾਨ ਮਿਲੀ ਪੈਨਲਟੀ ਲੈਣ ਤੋਂ ਛਿੜਿਆ।
ਨੇਮਾਰ ਦੇ ਪੀਐਸਜੀ ਐਫਸੀ ਵੱਲੋਂ ਖੇਡਣ ਤੋਂ ਪਹਿਲਾਂ ਮੈਚਾਂ ਦੌਰਾਨ ਮਿਲੀਆਂ ਸਾਰੀਆਂ ਪੈਨਲਟੀਆਂ ਕਵਾਨੀ ਲੈਂਦਾ ਸੀ ਪਰ ਕਲੱਬ ਦੇ ਨਵੇਂ ਫੈਸਲੇ ਅਨੁਸਾਰ ਹੁਣ ਅਗਲੇ ਸੈਸ਼ਨ ’ਚ ਕਲੱਬ ਟੀਮ ਨੂੰ ਮਿਲਣ ਵਾਲੀਆਂ ਸਾਰੀਆਂ ਪੈਨਲਟੀ ਕਿੱਕਾਂ ਨੇਮਾਰ ਹੀ ਲਿਆ ਕਰੇਗਾ, ਜਿਸ ਕਰਕੇ ਕਲੱਬ ਦਾ ਸੀਨੀਅਰ ਖਿਡਾਰੀ ਕਵਾਨੀ ਖਾਸਾ ਨਾਰਾਜ਼ ਦੱਸਿਆ ਜਾ ਰਿਹਾ ਹੈ। ਨੇਮਾਰ ਦੀ ਕਵਾਨੀ ਨਾਲ ਲਿਯੋਨ ਐਫਸੀ ਖਿਲਾਫ ਮੈਚ ’ਚ ਮਿਲੀ ਪੈਨਲਟੀ ਤੋਂ ਪਹਿਲਾਂ ਖਾਸੀ ਤਕਰਾਰ ਵੀ ਹੋਈ ਸੀ ਪਰ ਕੋਚ ਦੇ ਦਖਲ ਨਾਲ ਨੇਮਾਰ ਵਲੋਂ ਹੀ ਪੈਨਲਟੀ ਕਿੱਕ ਲਈ ਗਈ। ਨੇਮਾਰ ਨਾਲ ਖਹਿਬੜਨ ਸਦਕਾ ਕਲੱਬ ਦੀ ਅਨੁਸ਼ਾਸਨਿਕ ਕਮੇਟੀ ਵਲੋਂ ਕਵਾਨੀ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਲੱਬ ਵੱਲੋਂ ਇਕੱਲੇ ਨੇਮਾਰ ਨੂੰ ਪ੍ਰੈਕਟਿਸ ਤੇ ਮੈਚ ਖੇਡਣ ਸਮੇਂ ਆਪਣਾ ਬਰਾਂਡਿਡ ਬੈਗ ਵਰਤਣ ਦੀ ਇਜਾਜ਼ਤ ਦਿੱਤੀ ਗਈ, ਜਿਸ ’ਤੇ ਨੇਮਾਰ ਦੇ ਨਿੱਜੀ ਸਪਾਂਸਰ ਦਾ ਲੋਗੋ ਲੱਗਿਆ ਹੋਇਆ ਹੈ ਜਦੋਂਕਿ ਪੀਐਸਜੀ ਦੇ ਦੂਜੇ ਖਿਡਾਰੀਆਂ ਨੂੰ ਬੈਗਸ ’ਤੇ ਪੀਐਸਜੀ ਕਲੱਬ ਦਾ ਲੋਗੋ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੀਐਸਜੀ ਦੇ ਖਿਡਾਰੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਕਲੱਬ ਵੱਲੋਂ ਨੇਮਾਰ ਨੂੰ ਬਾਰਸੀਲੋਨਾ ਐਫਸੀ ਤੋਂ ਹਾਸਲ ਕਰਨ ਲਈ ਵੱਡਾ ਸਰਮਾਇਆ ਖਰਚਿਆ ਗਿਆ ਹੈ ਜਿਸ ਕਰਕੇ ਬਰਾਜ਼ੀਲੀ ਸਟਾਰ ਨੂੰ ਵਿਸ਼ੇਸ਼ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਫਰਾਂਸ ਦੇ ਪ੍ਰਸਿੱਧ ਅਖਬਾਰ ਲੀ ਪਾਰਸੀਅਨ ਦੀ ਰਿਪੋਰਟ ਅਨੁਸਾਰ ਪੀਐਸਜੀ ਐਫਸੀ ਨੇ ਆਪਣੇ ਫੁੱਲ ਤੇ ਹਾਫ ਬੈਕਸ ਖਿਡਾਰੀਆਂ ਨੂੰ ਖਾਸ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਅਭਿਆਸ ਦੌਰਾਨ ਉਹ ਨੇਮਾਰ ਨੂੰ ਖੁੱਲ੍ਹ ਕੇ ਖੇਡਣ ਦਿਆ ਕਰਨ। ਕਲੱਬ ਦੇ ਬੁਲਾਰੇ ਅਨੁਸਾਰ ਅਜਿਹਾ ਨੇਮਾਰ ਨੂੰ ਲੱਗਣ ਵਾਲੀਆਂ ਬੇਲੋੜੀਆਂ ਸੱਟਾਂ-ਫੇਟਾਂ ਤੋਂ ਬਚਾਉਣ ਵਾਸਤੇ ਕੀਤਾ ਗਿਆ ਹੈ। ਫਰਾਂਸੀਸੀ ਅਖਬਾਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਦੂਜੇ ਖਿਡਾਰੀਆਂ ਦੇ ਮੁਕਾਬਲੇ ਨੇਮਾਰ ਨੂੰ ਪੀਐਸਜੀ ਕਲੱਬ ਵਲੋਂ ਦੋ ਨਿੱਜੀ ਫਿਜ਼ੀਓਥਰੈਪਿਸਟ ਵੀ ਮੁਹੱਈਆ ਕਰਵਾਏ ਗਏ ਹਨ ਜੋ ਪ੍ਰੈਕਟਿਸ ਤੇ ਮੈਚ ਖੇਡਣ ਸਮੇਂ ਹਰ ਵੇਲੇ ਨੇਮਾਰ ਦੀ ਆਉ ਭਗਤ ’ਚ ਲੱਗੇ ਰਹਿੰਦੇ ਹਨ।
ਫਰਾਂਸੀਸੀ ਕਲੱਬ ਦੇ ਮੈਨੇਜਰ-ਕਮ-ਸਿਖਲਾਇਰ ਨੇ ਬਰਾਜ਼ੀਲੀ ਖਿਡਾਰੀ ਦੀ ਖੇਡ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਨੇਮਾਰ ਦੀ ਐਂਟਰੀ ਕਲੱਬ ਨੂੰ ਰਾਸ ਆਈ ਹੈ ਤੇ ਉਹ ਇਸ ਸੀਜ਼ਨ ਦੇ ਅਖੀਰਲੇ ਸੈਸ਼ਨ ’ਚ ਖੇਡੇ 8 ਮੈਚਾਂ ’ਚ 7 ਗੋਲ ਦਾਗ ਚੁੱਕਾ ਹੈ ਜਦਕਿ ਬਾਰਸੀਲੋਨਾ ਕਲੱਬ ਵਲੋਂ ਖੇਡੇ 123 ਮੈਚਾਂ ’ਚ ਨੇਮਾਰ ਨੇ 68 ਗੋਲ ਕੀਤੇ ਹਨ।
ਨੇਮਾਰ ਦੇ ਵਕੀਲ ਨੇ ਬਾਰਸੀਲੋਨਾ ਕਲੱਬ ਦੇ ਪ੍ਰਧਾਨ ਜੋਸੇਫ ਮਾਰਿਆ ਨੂੰ ਸਪਸ਼ਟ ਕੀਤਾ ਕਿ ਨੇਮਾਰ ਨੇ ਪੀਐਸਜੀ ਨਾਲ ਪੰਜ ਸਾਲ ਖੇਡਣ ਦੀ ਡੀਲ ਪੱਕੀ ਕਰ ਲਈ ਹੈ।
ਇਸ ਸਮਝੌਤੇ ਤਹਿਤ ਫਰਾਂਸ ਦੇ ਕਲੱਬ ਪੀਐਸਜੀ ਨੇ ਨੇਮਾਰ ਨੂੰ ਹਾਸਲ ਕਰਨ ਲਈ ਬਾਰਸੀਲੋਨਾ ਐਫਸੀ ਨੂੰ 150 ਮਿਲੀਅਨ ਯੂਰੋ ਦਿੱਤੇ ਹਨ, ਜੋ ਕਲੱਬਜ਼ ਫੁਟਬਾਲ ਦੇ ਇਤਿਹਾਸ ’ਚ ਸਭ ਤੋਂ ਵੱਡੀ ਟਰਾਂਸਫਰ ਡੀਲ ਹੈ। ਪੀਐਸਜੀ ਵਲੋਂ ਨੇਮਾਰ ਨਾਲ ਪੰਜ ਸਾਲਾ ਕਰਾਰ ਕਰਨ ਲਈ ਕੁੱਲ 3102 ਕਰੋੜ ਰੁਪਏ ਦਾ ਭੁਗਤਾਨ ਕਰਨਾ ਪਿਆ। ਇਸ ਤੋਂ ਬਾਅਦ ਨੇਮਾਰ ਵਲੋਂ 9 ਅਗਸਤ ਨੂੰ ਕੈਂਪ ਨਾਓ ਛੱਡਣ ਦਾ ਐਲਾਨ ਕਰ ਦਿੱਤਾ ਗਿਆ।