ਲੰਬੀ, 29 ਜਨਵਰੀ
ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਅੱਜ ਉਸਦੇ ਪਿੰਡ ਸਰਾਵਾਂ ਬੋਦਲਾ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਪੁਲੀਸ ਦੇ ਸਖ਼ਤ ਪਹਿਰੇ ਹੇਠ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ।
ਸਸਕਾਰ ਮੌਕੇ ਉਸਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪੁੱਜੇ ਹੋਏ ਸਨ। ਵਿੱਕੀ ਗੌਂਡਰ ਦੀ ਮ੍ਰਿਤਕ ਦੇਹ ਕਰੀਬ 12 ਵਜੇ ਪੁਲੀਸ ਸੁਰੱਖਿਆ ਹੇਠ ਵੱਡੇ ਕਾਫ਼ਲੇ ਦੇ ਰੂਪ ਵਿੱਚ ਢਾਣੀ ਤੋਂ ਸ਼ਮਸ਼ਾਨਘਾਟ ਲਿਆਂਦੀ ਗਈ। ਇਸ ਕਾਫ਼ਲੇ ਵਿੱਚ ਕਰੀਬ 45 ਕਾਰਾਂ ਅਤੇ ਚਾਰ ਟਰੈਕਟਰ ਅਤੇ ਹੋਰ ਗੱਡੀਆਂ ਸ਼ਾਮਲ ਸਨ। ਉਸ ਦੀਆਂ ਭੈਣਾਂ ਨੇ ਆਪਣੇ ਭਰਾ ਦੇ ਸਿਰ ’ਤੇ ਸਿਹਰਾ ਬੰਨ੍ਹਿਆ। ਉਸਦੇ ਪਿਤਾ ਮਹਿਲ ਸਿੰਘ ਭੁੱਲਰ ਨੇ ਚਿਖਾ ਨੂੰ ਅਗਨੀ ਦਿੱਤੀ। ਸ਼ਮਸ਼ਾਨਘਾਟ ਵਿੱਚ ਵਿਰਲਾਪ ਕਰਦੀ ਉਸਦੀ ਮਾਂ ਬਲਵੰਤ ਕੌਰ ਕੀਰਨੇ ਪਾ ਰਹੀ ਸੀ। ਜ਼ਿਲ੍ਹਾ ਪੁਲੀਸ ਵੱਲੋਂ ਸ਼ਮਸ਼ਾਨਘਾਟ ਦੇ ਅੰਦਰ ਅਤੇ ਬਾਹਰ ਚੱਪੇ-ਚੱਪੇ ’ਤੇ ਪੁਲੀਸ ਦਾ ਪਹਿਰਾ ਸੀ ਅਤੇ ਰਾਹਾਂ ’ਤੇ ਪੁਲੀਸ ਦੀ ਸਖ਼ਤ ਨਾਕਾਬੰਦੀ ਸੀ।