ਚੰਡੀਗੜ੍ਹ, 23 ਸਤੰਬਰ : ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿਚ ਕਾਂਗਰਸ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਲਈ ਬਿਜਲੀ ਬਿੱਲ ਲਾਗੂ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਤੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਪ੍ਰਮੁੱਖ ਵਾਅਦਿਆਂ ਵਿਚੋਂ ਇਕ ਹੋਰ ‘ਤੇ ਕਿਸਾਨਾਂ ਨਾਲ ਧੋਖਾ ਕਰ ਕੇ ਧਰੋਹ ਕਮਾਇਆ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਭਾਵੇਂ ਕਾਂਗਰਸ ਪਾਰਟੀ ਦਾ ਹਮੇਸ਼ਾ ਤੋਂ ਸਿਧਾਂਤ ਪਾੜੋ ਤੇ ਰਾਜ ਕਰੋ ਤੇ ਕੀਤੇ ਵਾਅਦਿਆਂ ਤੋਂ ਮੁਕਰਨ ਦਾ ਰਿਹਾ ਹੈ ਪਰ ਖੇਤੀਬਾੜੀ ਖੇਤਰ ਵਾਸਤੇ ਬਿਜਲੀ ਬਿੱਲ ਲਾਗੂ ਕਰਨਾ ਅਜਿਹਾ ਧੋਖਾ ਹੈ ਜੋ ਇਸ ਵੱਲੋਂ ਪ੍ਰਮੁੱਖ ਚੋਣ ਵਾਅਦਿਆਂ ਦੇ ਮਾਮਲੇ ਵਿਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਨੂੰ ਬਿਜਲੀ ਸਬਸਿਡੀ ਦੇਣ ਵਾਸਤੇ 70 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਸਨ ਪਰ ਕਾਂਗਰਸ ਤਾਂ ਛੇ ਮਹੀਨੇ ਵਿਚ ਹੀ ਬਿੱਲ ਲਾਗੂ ਕਰਨ ‘ਤੇ ਉਤਾਰੂ ਹੋ ਗਈ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹੁਣ ਖੇਤੀਬਾੜੀ ਖੇਤਰ ਵਾਸਤੇ ਨਵੇਂ ਬਿਜਲੀ ਕੁਨੈਕਸ਼ਨ ਲਈ ਬਿੱਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਵਾਸਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਆਪਣੇ ਦਫਤਰੀ ਪੱਤਰ ਨੰਬਰ 1629/33/ਏ. ਪੀ. ਪਾਲਿਸੀ 2017-18 (ਕਾਪੀ ਨਾਲ ਨੱਥੀ ਹੈ) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਨਵੇਂ ਕੁਨੈਕਸ਼ਨ ਸਿਰਫ ਉਹਨਾਂ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ ਜਿਹੜੇ ਬਿਜਲੀ ਬਿੱਲ ਭਰਨ ਵਾਸਤੇ ਰਾਜ਼ੀ ਹੋਣਗੇ ਜਿਸ ਤੋਂ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਭਾਰੀ ਕਰਜ਼ਿਆਂ ਦੇ ਜਾਲ ਵਿਚ ਫਸੇ ਕਿਸਾਨਾਂ ਨੂੰ ਖੇਤਾਂ ਵਿਚ ਕੰਮ ਕਰਨ ਵਾਸਤੇ ਬਿਜਲੀ ਕੁਨੈਕਸ਼ਨ ਹਾਸਲ ਕਰਨ ਲਈ ਬਿਜਲੀ ਬਿੱਲ ਅਦਾ ਕਰਨ ਵਾਸਤੇ ਮਜਬੂਰ ਕਰ ਰਹੀ ਹੈ।