ਚੰਡੀਗੜ• 21 ਜਨਵਰੀ– ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਦੀ ਮਿਉਂਸਪਲ ਕਾਰਪੋਰੇਸ਼ਨ ਵਿੱਚ ਇਮਾਰਤ ਮਾਲਕਾਂ ਨੂੰ ਜਾਅਲੀ ਨੋਟਿਸ ਭੇਜ ਕੇ ਲੱਖਾਂ ਰੁਪਏ ਬਟੋਰਨ ਦੇ ਮਾਮਲੇ ਨੂੰ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਸਕੈਂਡਲ ਕਰਾਰ ਦਿੰਦਿਆਂ ਇਸਦੀ ਉਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਗੰਭੀਰ ਆਰਥਿਕ ਸਕੈਂਡਲ ਉਪਰ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿ ਅੰਗਰੇਜੀ ਦੀ ਇੱਕ ਪ੍ਰਮੁੱਖ ਅਖਬਾਰ ਵਿੱਚ ਛਪੇ ਇਸ ਸਕੈਂਡਲ ਨੇ ਕਾਂਗਰਸੀ ਆਗੂਆਂ ਦੇ ਨੰਗੇ ਚਿੱਟੇ ਭ੍ਰਿਸ਼ਟਾਚਾਰ ਦੀ ਤਸਵੀਰ ਨੂੰ ਖੁੱਲ ਕੇ ਲੋਕਾਂ ਸਾਹਮਣੇ ਰੱਖਿਆ ਹੈ। ਉਹਨਾਂ ਕਿਹਾ ਕਿ ਪਟਿਆਲਾ ਮਿਉਂਸਪਲ ਕਾਰਪੋਰੇਸ਼ਨ ਵਿੱਚ ਸੂਬਾ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਕਬਜਾ ਕਰਵਾਉਣ ਵਾਸਤੇ ਸਾਰੇ ਕਾਨੂੰਨ ਛਿੱਕੇ ਤੇ ਟੰਗ ਕੇ 60 ਵਿੱਚੋਂ 59 ਕੌਂਸਲਰ ਕਾਂਗਰਸ ਪਾਰਟੀ ਦੇ ਜਿਤਾਏ ਸਨ ਅਤੇ ਆਪਣੀ ਮਨਮਰਜੀ ਦੇ ਮੇਅਰ ਬਣਾਏ ਸਨ। ਪਰ ਹੁਣ ਜੋ ਗੁਲ ਇਹਨਾਂ ਕਾਂਗਰਸੀ ਆਗੂਆਂ ਵੱਲੋਂ ਖਿਲਾਏ ਜਾ ਰਹੇ ਹਨ ਉਸ ਪ੍ਰਤੀ ਮੁੱਖ ਮੰਤਰੀ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਰਾਜ ਵਿੱਚ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਬੰਨੇ ਟੱਪ ਚੁੱਕਿਆ ਹੈ ਅਤੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਸ਼ਹਿਰ ਦੇ ਲੋਕਾਂ ਕੋਲੋਂ ਜਾਅਲੀ ਨੋਟਿਸਾਂ ਰਾਹੀਂ ਜ਼ਬਰੀ ਲੱਖਾਂ ਰੁਪਏ ਵਸੂਲਣੇ ਦੀਵੇ ਥੱਲੇ ਹਨੇਰੇ ਹੋਣ ਦੇ ਤੁੱਲ ਹੈ।
ਡਾ. ਚੀਮਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਜਿੱਥੇ ਸਾਰੇ ਭ੍ਰਿਸ਼ਟ ਦੋਸ਼ੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਥੇ ਜਿਹਨਾਂ ਲੋਕਾਂ ਕੋਲੋਂ ਜਬਰੀ ਪੈਸੇ ਵਸੂਲੇ ਗਏ ਹਨ ਰਿਕਵਰੀ ਕਰਕੇ ਉਹ ਪੈਸੇ ਉਹਨਾਂ ਲੋਕਾਂ ਨੂੰ ਵਾਪਸ ਕਰਨੇ ਚਾਹੀਦੇ ਹਨ।