ਧਰਮਸ਼ਾਲਾ— ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਕ੍ਰਿਕਟ ਟੀਮ ਜਦੋਂ ਐਤਵਾਰ ਨੂੰ ਸ਼੍ਰੀਲੰਕਾ ਵਿਰੁੱਧ ਆਪਣੀ ਵਨ ਡੇ ਮੁਹਿੰਮ ਸ਼ੁਰੂ ਕਰੇਗੀ ਤਾਂ ਉਸਦੀਆਂ ਨਜ਼ਰਾਂ ਸੀਰੀਜ਼ ਵਿਚ ਕਲੀਨ ਸਵੀਪ ਕਰਨ ਦੇ ਨਾਲ ਹੀ ਦੱਖਣੀ ਅਫਰੀਕਾ ਨੂੰ ਹਟਾ ਕੇ ਆਈ. ਸੀ. ਸੀ. ਰੈਂਕਿੰਗ ਵਿਚ ਦੁਨੀਆ ਦੀ ਨੰਬਰ ਇਕ ਵਨ ਡੇ ਟੀਮ ਬਣਨ ‘ਤੇ ਹੋਣਗੀਆਂ। ਮੌਜੂਦਾ ਵਨ ਡੇ ਟੀਮ ਰੈਂਕਿੰਗ ਵਿਚ ਭਾਰਤ 120 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ, ਜਦਕਿ ਦੱਖਣੀ ਅਫਰੀਕਾ ਇੰਨੇ ਹੀ ਰੇਟਿੰਗ ਅੰਕਾਂ ਨਾਲ ਚੋਟੀ ‘ਤੇ ਹੈ। ਟੀਮ ਇੰਡੀਆ ਜੇਕਰ ਧਰਮਸ਼ਾਲਾ ਵਿਚ ਪਹਿਲਾ ਮੈਚ ਜਿੱਤ ਜਾਵੇਗੀ ਤਾਂ ਉਹ ਇਕ ਅੰਕ ਹਾਸਲ ਕਰ ਕੇ 121 ਅੰਕਾਂ ਨਾਲ ਟੀਮ ਰੈਂਕਿੰਗ ਵਿਚ ਚੋਟੀ ‘ਤੇ ਪਹੁੰਚ ਜਾਵੇਗੀ ਪਰ ਉਸ ਨੂੰ ਇਸ ਸਥਾਨ ‘ਤੇ ਬਣੇ ਰਹਿਣ ਲਈ ਤਿੰਨਾਂ ਮੈਚਾਂ ‘ਚ ਜਿੱਤ ਦਰਜ ਕਰਨੀ ਪਵੇਗੀ। ਟੈਸਟ ਰੈਂਕਿੰਗ ਵਿਚ ਵੀ ਭਾਰਤ ਦੁਨੀਆ ਦੀ ਨੰਬਰ ਇਕ ਟੀਮ ਹੈ ਤੇ ਇਥੇ ਵੀ ਉਸ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੀ ਹੈ, ਜਿਹੜੀ ਦੂਜੇ ਸਥਾਨ ‘ਤੇ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਅਨੁਸਾਰ ਵਿਰੋਧੀ ਟੀਮ ਸ਼੍ਰੀਲੰਕਾ 83 ਅੰਕਾਂ ਨਾਲ ਵਨ ਡੇ ਟੀਮ ਰੈਂਕਿੰਗ ਵਿਚ 8ਵੇਂ ਸਥਾਨ ‘ਤੇ ਹੈ, ਹਾਲਾਂਕਿ ਜੇਕਰ ਉਹ ਪਿਛਲੀ ਸੀਰੀਜ਼ ਦੀ ਤਰ੍ਹਾਂ ਇਸ ਵਾਰ ਵੀ 0-3 ਨਾਲ ਕਲੀਨ ਸਵੀਪ ਝੱਲਦੀ ਹੈ, ਉਦੋਂ ਵੀ ਉਸ ਦੇ ਇੰਨੇ ਹੀ ਅੰਕ ਰਹਿਣਗੇ ਪਰ ਜੇਕਰ ਉਹ ਕਲੀਨ ਸਵੀਪ ਕਰਦੀ ਹੈ ਤਾਂ ਉਸ ਨੂੰ ਚਾਰ ਅੰਕਾਂ ਦਾ ਫਾਇਦਾ ਹੋਵੇਗਾ ਤੇ ਉਸ ਦੇ 87 ਅੰਕ ਹੋ ਜਾਣਗੇ।ਦੂਜੇ ਪਾਸੇ ਭਾਰਤ ਲਈ ਅਜੀਬ ਸਥਿਤੀ ਹੈ ਕਿ ਜੇਕਰ ਉਹ ਸੀਰੀਜ਼ 2-1 ਨਾਲ ਵੀ ਜਿੱਤਿਆ ਤਾਂ ਉਸ ਨੂੰ ਇਕ ਅੰਕ ਦਾ ਨੁਕਸਾਨ ਹੋਵੇਗਾ ਤੇ ਉਹ 119 ਅੰਕਾਂ ‘ਤੇ ਆ ਜਾਵੇਗਾ।