ਪੱਲੇਕੇਲੇ— ਭਾਰਤੀ ਟੀਮ ਨੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਮੁਕਾਬਲੇ ‘ਚ ਸ਼੍ਰੀਲੰਕਾ ਨੂੰ 171 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕੀਤਾ। ਸੀਰੀਜ਼ ਦੇ ਦੌਰਾਨ ਟੀਮ ਇੰਡੀਆ ਦੇ ਗੱਬਰ ਦੇ ਨਾਂ ਨਾਲ ਮਸ਼ਹੂਰ ਸ਼ਿਖਰ ਧਵਨ ਨੇ ਬੱਲੇ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਉਨ੍ਹਾਂ ਨੂੰ ‘ਮੈਨ ਆਫ ਦਿ ਸੀਰੀਜ਼’ ਦੇ ਪੁਰਸਕਾਰ ਨਾਲ ਨਵਾਜ਼ਿਆ ਗਿਆ।

ਧਵਨ ਨੇ 3 ਟੈਸਟ ਮੈਚਾਂ ਦੀ ਸੀਰੀਜ਼ ਦੀਆਂ 4 ਪਾਰੀਆਂ ‘ਚ ਕੁਲ 358 ਦੌੜਾਂ ਬਣਾਈਆਂ, ਜਿਸ ‘ਚ ਉਨ੍ਹਾਂ ਦੇ 2 ਸੈਂਕੜੇ ਵੀ ਮੌਜੂਦ ਰਹੇ। ਉਨ੍ਹਾਂ ਨੇ ਸੀਰੀਜ਼ ਦੇ ਪਹਿਲੇ ਮੈਚ ‘ਚ 190 ਦੌੜਾਂ ਦੀ ਪਾਰੀ ਖੇਡੀ, ਜੋ ਉਨ੍ਹਾਂ ਦੇ ਟੈਸਟ ਕਰੀਅਰ ਦੀ ਸਰਵਸ਼੍ਰੇਸ਼ਠ ਪਾਰੀ ਰਹੀ, ਦੂਜੀ ਇਨਿੰਗ ‘ਚ ਉਨ੍ਹਾਂ ਨੇ 14 ਦੌੜਾਂ ਬਣਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਮੈਚ ‘ਚ 35 ਅਤੇ ਤੀਜੇ ਮੈਚ ‘ਚ 119 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ।