ਚੰਡੀਗੜ•/11 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪਾਰਟੀ ਵੱਲੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼ੇਰ ਸਿੰਘ ਘੁਬਾਇਆ ਨੂੰ ਦੁਬਾਰਾ ਉਮੀਦਵਾਰ ਨਹੀਂ ਬਣਾਇਆ ਜਾਵੇਗਾ, ਕਿਉਂਕਿ ਉਹ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਨੈਤਿਕ ਅਧਿਕਾਰ ਖੋ ਚੁੱਕਿਆ ਹੈ।
ਇਸ ਸੰਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਜਨਮੇਜਾ ਸਿੰਘ ਸੇਖੋਂ ਅਤੇ ਫਿਰੋਜ਼ਪੁਰ ਦੇ ਜ਼ਿਲ•ਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਘੁਬਾਇਆ ਨੂੰ ਗਲਤਫਹਿਮੀ ਹੈ ਕਿ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਵਾਸਤੇ ਉਸ ਦੇ ਨਾਂ ਨੂੰ ਵੀ ਵਿਚਾਰਿਆ ਜਾਵੇਗਾ ਤਾਂ ਉਸ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਅਧੀਨ ਇਹ ਚੋਣ ਨਹੀਂ ਲੜੇਗਾ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਘੁਬਾਇਆ ਬਾਰੇ ਵਾਇਰਲ ਹੋਈ ਇੱਕ ਵੀਡਿਓ ਨੇ ਘੁਬਾਇਆ ਦੇ ਨੈਤਿਕ ਮਿਆਰ ਨੂੰ ਲੈ ਕੇ ਸ਼ੰਕੇ ਖੜ•ੇ ਕਰ ਦਿੱਤੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਸਭ ਤੋ ਪੁਰਾਣੀਆਂ ਸਿਆਸੀ ਪਾਰਟੀਆਂ ਵਿਚੋਂ ਇਕ ਹੈ, ਜਿਸ ਦੀ ਨੈਤਿਕ ਗਿਰਾਵਟ ਨੂੰ ਲੈ ਕੇ ਬਹੁਤ ਹੀ ਸਖ਼ਤ ਨੀਤੀ ਹੈ। ਪਾਰਟੀ ਅਜਿਹੇ ਸਿਆਸਤਦਾਨਾਂ ਨੂੰ ਟਿਕਟ ਨਹੀਂ ਦਿੰਦੀ ਹੈ, ਜਿਹੜੇ ਉੱਚੇ -ਸੁੱਚੇ ਆਚਰਣ ਦੀ ਸ਼ਰਤ ਪੂਰੀ ਨਹੀਂ ਕਰਦੇ ਹਨ। ਦੋਵੇਂ ਆਗੂਆਂ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਘੁਬਾਇਆ ਨੂੰ ਲੋਕ ਸਭਾ ਚੋਣਾਂ ਵਾਸਤੇ ਉਮੀਦਵਾਰ ਬਣਾਉਣ ਬਾਰੇ ਸੋਚ ਰਹੀਆਂ ਸਿਆਸੀ ਪਾਰਟੀਆਂ ਸਿਆਸਤ ਅਤੇ ਸਮਾਜ ਅੰਦਰ ਨੈਤਿਕ ਪਤਨ ਨੂੰ ਹੱਲਾਸ਼ੇਰੀ ਦੇਣ ਲਈ ਜ਼ਿੰਮੇਵਾਰ ਹੋਣਗੀਆਂ। ਉਹਨਾਂ ਕਿਹਾ ਕਿ ਪੰਜਾਬ ਨੇ ਅਜਿਹੇ ਕਿਰਦਾਰ ਵਾਲੇ ਸਿਆਸਤਦਾਨਾਂ ਨੂੰ ਕਦੇ ਮੁਆਫ ਨਹੀਂ ਕੀਤਾ ਹੈ।
ਘੁਬਾਇਆ ਦੇ ਬਿਆਨ ਨੂੰ ਖਾਰਿਜ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸਿਰਫ ਉੱਚੀਆਂ ਕਦਰਾਂ ਕੀਮਤਾਂ ਵਾਲੇ ਉਮੀਦਵਾਰਾਂ ਦੀ ਹੀ ਚੋਣ ਕੀਤੀ ਜਾਂਦੀ ਹੈ। ਇਸ ਸਾਂਸਦ ਨੇ ਸਿਰਫ ਆਪਣੀ ਪਾਰਟੀ ਦੀ ਨਹੀਂ, ਸਗੋਂ ਹਲਕੇ ਦੇ ਲੋਕਾਂ ਦੀ ਵੀ ਹੇਠੀ ਕਰਵਾਈ ਹੈ। ਉਹਨਾਂ ਕਿਹਾ ਕਿ ਘੁਬਾਇਆ ਜਾਣਦਾ ਹੈ ਕਿ ਉਸ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਜਾਵੇਗੀ, ਇਸ ਲਈ ਉਹ ਨਮੋਸ਼ੀ ਤੋਂ ਬਚਣ ਲਈ ਅਜਿਹੇ ਬਿਆਨ ਦੇ ਰਿਹਾ ਹੈ।