ਓਟਾਵਾ — ਕੈਨੇਡਾ ‘ਚ ਸਿਹਤ ਸੰਗਠਨਾਂ ਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਲਿਬਰਲ ਸਰਕਾਰ ਸ਼ੂਗਰ ਦੇ ਮਰੀਜ਼ਾਂ ਦੇ ਨਾਂ ‘ਤੇ ਆਮਦਨ ਟੈਕਸ ‘ਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਕੰਜ਼ਰਵੇਟਿਵ ਪਾਰਟੀ ਸੱਤਾਧਾਰੀ ਲਿਬਰਲ ਪਾਰਟੀ ਨੂੰ ਘੇਰ ਚੁੱਕੀ ਹੈ ਤੇ ਹੁਣ ਐਤਵਾਰ ਨੂੰ ਸਿਹਤ ਸੰਗਠਨਾਂ ਨੇ ਵੀ ਉਨ੍ਹਾਂ ਨਾਲ ਮਿਲ ਕੇ ਇਹ ਦੋਸ਼ ਲਗਾਇਆ ਹੈ।
ਇਹ ਹੀ ਨਹੀਂ ਇਸ ਦੇ ਨਾਲ ਹੀ ਵਿੱਤ ਮੰਤਰੀ ਬਿੱਲ ਮੌਰਨਿਊ ਉੱਤੇ ਨਿੱਜੀ ਖੇਤਰ ‘ਚ ਬਣਾਈ ਸੰਪਤੀ ਤੋਂ ਕਮਾਏ ਜਾ ਰਹੇ ਮਿਲੀਅਨ ਡਾਲਰਾਂ ਦੇ ਟੈਕਸ ਤੋਂ ਬਚਣ ਲਈ ਨਵੇਂ-ਨਵੇਂ ਢੰਗਾਂ ਨੂੰ ਵਰਤਣ ਦਾ ਦੋਸ਼ ਵੀ ਲੱਗ ਰਿਹਾ ਹੈ। ‘ਡਾਇਬਟੀਜ਼ ਕੈਨੇਡਾ’ ਉਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਹੈ ਜਿਹੜੀ ਕੰਜ਼ਰਵੇਟਿਵ ਸਿਆਸਤਦਾਨਾਂ ਨਾਲ ਰਲ ਕੇ ਡਿਸਐਬਿਲਿਟੀ ਟੈਕਸ ਕ੍ਰੈਡਿਟ ਤੋਂ ਵੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਦਾ ਵਿਰੋਧ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਸਹੂਲਤ ਦਿੱਤੀ ਗਈ ਸੀ ਕਿ ਸ਼ੂਗਰ ਦਾ ਕੋਈ ਵੀ ਮਰੀਜ਼ ਸਾਲ ਭਰ ਆਪਣਾ ਇਲਾਜ ਕਰਵਾ ਸਕਦਾ ਹੈ ਜਦਕਿ ਇੱਕ ਸਾਲ ਵਿੱਚ ਕਿਸੇ ਵੀ ਸ਼ੂਗਰ ਦੇ ਮਰੀਜ਼ ਨੂੰ 1500 ਡਾਲਰ ਤੱਕ ਦਾ ਖਰਚਾ ਔਸਤਨ ਕਰਨਾ ਪੈਂਦਾ ਹੈ।
ਕੰਜ਼ਰਵੇਟਿਵ ਵਿੱਤ ਕ੍ਰਿਟਿਕ ਪਿਏਰੇ ਪੌਇਲੀਵਰ ਨੇ ਦੋਸ਼ ਲਗਾਇਆ ਕਿ ਅਜਿਹਾ ਕਰਕੇ ਲਿਬਰਲ ਸਰਕਾਰ ਨੇ ਇੱਕ ਵਾਰੀ ਮੁੜ ਸਿੱਧ ਕਰ ਦਿੱਤਾ ਹੈ ਕਿ ਆਮ ਜਨਤਾ ਨਾਲ ਉਸ ਦਾ ਕੋਈ ਵਾਹ ਨਹੀਂ ਹੈ ਸਗੋਂ ਉਹ ਮਿਹਨਤੀ ਮੱਧਵਰਗੀ ਲੋਕਾਂ ਨੂੰ ਅਸਿੱਧੇ ਢੰਗ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਨੇਡਾ ਭਰ ‘ਚ ਹਜ਼ਾਰਾਂ ਦਾਅਵੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ 1500 ਡਾਲਰ ਦਾ ਸਾਲਾਨਾ ਲਾਭ ਦਿੱਤਾ ਜਾਂਦਾ ਰਿਹਾ ਹੈ, ਹੁਣ ਉਨ੍ਹਾਂ ਨੂੰ ਇਹ ਸਹੂਲਤ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ‘ਚ ਗੁੱਸਾ ਹੈ।