ਕੋਲਕਾਤਾ, 4 ਮਈ
ਅੰਡਰ-19 ਵਿਸ਼ਵ ਕੱਪ ਦੇ ਸਟਾਰ ਸੁਭਮਨ ਗਿੱਲ ਵੱਲੋਂ ਜੜੇ ਕਰੀਅਰ ਦੇ ਪਹਿਲੇ ਟੀ-20 ਨੀਮ ਸੈਂਕੜੇ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਮੈਚ ਵਿੱਚ ਚੇਨਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਵੱਲੋਂ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਸ਼ਾਨਦਾਰ ਪਾਰੀ ਸਦਕਾ ਦਿੱਤੇ 178 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਨੇ ਗਿੱਲ ਵੱਲੋਂ 36 ਗੇਂਦਾਂ ਵਿੱਚ ਦੋ ਛੱਕੇ ਤੇ ਛੇ ਚੌਕੇ ਜੜਦਿਆਂ ਬਣਾਈਆਂ ਨਾਬਾਦ 57 ਦੌੜਾਂ ਦੀ ਬਦੌਲਤ 17.4 ਓਵਰਾਂ ਵਿੱਚ 180 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਸ਼ੁਭਮਨ ਨੇ ਕਪਤਾਨ ਦਿਨੇਸ਼ ਕਾਰਤਿਕ (18 ਗੇਂਦਾਂ ’ਚ ਨਾਬਾਦ 45 ਦੌੜਾਂ) ਨਾਲ ਪੰਜਵੀਂ ਵਿਕਟ ਲਈ 83 ਦੌੜਾਂ ਦੀ ਨਾਬਾਦ ਭਾਈਵਾਲੀ ਵੀ ਕੀਤੀ। ਇਸ ਤਰ੍ਹਾਂ ਧੋਨੀ ਦੀ ਤੂਫ਼ਾਨੀ ਪਾਰੀ ਵੀ ਟੀਮ ਦੇ ਕਿਸੇ ਕੰਮ ਨਾ ਆਈ।
ਇਸ ਤੋਂ ਪਹਿਲਾਂ ਧੋਨੀ ਵੱਲੋਂ ਡੈੱਥ ਓਵਰਾਂ ’ਚ ਕੀਤੀ ਗਈ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ 5 ਵਿਕਟਾਂ ’ਤੇ 177 ਦੌੜਾਂ ਬਣਾਈਆਂ। ਸੁਪਰਕਿੰਗਜ਼ ਦਾ ਕੋਈ ਵੀ ਬੱਲੇਬਾਜ਼ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ’ਚ ਤਬਦੀਲ ਨਾ ਕਰ ਸਕਿਆ, ਜਿਸ ਦਾ ਖਾਮਿਆਜ਼ਾ ਟੀਮ ਨੂੰ ਭੁਗਤਣਾ ਪਿਆ। ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਖੀਰ ’ਚ 25 ਗੇਂਦਾਂ ’ਚ ਇੱਕ ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ 43 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਚੁਣੌਤੀ ਭਰੇ ਸਕੋਰ ਤੱਕ ਪਹੁੰਚਾਇਆ। ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ (36), ਸੁਰੇਸ਼ ਰੈਣਾ (31) ਅਤੇ ਫਾਫ ਡੂ ਪਲੈਸਿਸ (27) ਹਾਲਾਂਕਿ ਚੰਗੀ ਸ਼ੁਰੂਆਤ ਦਾ ਫਾਇਦਾ ਨਾ ਚੁੱਕ ਸਕੇ। ਕੋਲਕਾਤਾ ਵੱਲੋਂ ਸੁਨੀਲ ਨਾਰਾਇਣ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਚਾਰ ਓਵਰਾਂ ’ਚ 20 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਪਿਯੂਸ਼ ਚਾਵਲਾ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਸ਼ਿਵਮ ਮਾਵੀ ਨੇ ਤਿੰਨ ਓਵਰਾਂ ’ਚ ਸਿਰਫ਼ 21 ਦੌੜਾਂ ਦਿੱਤੀਆਂ ਪਰ ਉਸ ਨੂੰ ਕੋਈ ਵਿਕਟ ਹਾਸਲ ਨਹੀਂ ਹੋਈ। ਮਿਸ਼ੈਲ ਜਾਨਸਨ ਸਭ ਤੋਂ ਮਹਿੰਗਾ ਗੇਂਦਬਾਜ਼ ਸਾਬਤ ਹੋਇਆ ਤੇ ਉਸ ਨੇ ਚਾਰ ਓਵਰਾਂ ’ਚ 54 ਦੌੜਾਂ ਦਿੱਤੀਆਂ।