ਸ਼ਾਹਕੋਟ, ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਜਿੱਤ ਕੇ ਕਾਂਗਰਸ ਪਾਰਟੀ ਨੇ ਇਤਿਹਾਸ ਸਿਰਜਿਆ ਹੈ। ਇਹ ਗੱਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹੀਆਂ। ਉਹ ਅੱਜ ਇੱਥੋਂ ਦੀ ਦਾਣਾ ਮੰਡੀ ’ਚ ਕਾਂਗਰਸ ਪਾਰਟੀ ਵੱਲੋਂ ਕੀਤੀ ‘ਧੰਨਵਾਦ ਰੈਲੀ’ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਕਾਂਗਰਸ ਸਾਲ 1992 ਵਿੱਚ ਉਸ ਸਮੇਂ  ਹੀ ਜਿੱਤੀ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ। ਅਕਾਲੀ ਦਲ ਦਾ ‘ਗੜ੍ਹ’ ਮੰਨੇ ਜਾਂਦੇ ਇਸ ਕਿਲੇ ਨੂੰ ਫਤਿਹ ਕਰਨ ਵਿੱਚ ਸ਼ਾਹਕੋਟੀਆਂ ਨੇ ਬਹੁਤ ਹੀ ਸੂਝ ਤੇ ਸਿਆਣਪ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੀ ਜਿੱਤ ਦਾ ਅਸਰ ਦੇਸ਼ ਦੇ ਹੋਰਨਾਂ ਸੂਬਿਆਂ ਦੀਆਂ ਚੋਣਾਂ ਉੱਪਰ ਵੀ ਪਿਆ ਹੈ। ਇਸ ਚੋਣ ਦੀ ਜਿੱਤ ਨੇ ਸਾਫ ਕਰ ਦਿੱਤਾ ਕਿ ਹੁਣ ਦੇਸ਼ ਵਿੱਚ ਫਿਰਕਾਪ੍ਰਸਤੀ ਫੈਲਾਉਣ ਵਾਲੀ ਭਾਜਪਾ ਦੇ ਰਾਜ ਦਾ ‘ਅੰਤ’ ਨੇੜੇ ਹੈ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਨੇ ਦੇਸ਼ ਵੱਚ ਮੋਦੀ ਸਰਕਾਰ ਖ਼ਿਲਾਫ਼ ਲਹਿਰ ਪੈਦਾ ਕਰਨ ਦਾ ਮੁੱਢ ਬੰਨ੍ਹਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਜ਼ਿਮਨੀ ਚੋਣ ਵਿੱਚ ਪੰਜਾਬ ਦਾ ਵਿਨਾਸ਼ ਅਤੇ ਵਿਕਾਸ ਕਰਨ ਵਾਲਿਆਂ ਵਿਚਾਲੇ ਮੁਕਾਬਲਾ ਸੀ, ਜਿਸ ਵਿੱਚ ਹਲਕਾ ਵਾਸੀਆਂ ਨੇ ਵਿਕਾਸ ਕਰਨ ਵਾਲੀ ਕਾਂਗਰਸ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਵਿਕਾਸ ਕਰਨ ਨਾਲ ਹੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਹਲਕੇ ਦੀਆਂ ਉਠਾਈਆਂ ਮੰਗਾਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਮੰਗਾਂ ਨੂੰ ਜਲਦ ਹੀ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਸੂਬਾ ਬਣਾ ਕੇ ਸਭ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਬਣਾਇਆ ਜਾਵੇਗਾ।
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ ਦਲ ਨੇ ਪਿਛਲੇ 10 ਸਾਲਾਂ ’ਚ ਸੂਬੇ ਨੂੰ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛਾੜ ਦਿੱਤਾ ਸੀ। ਕਾਂਗਰਸ ਸਰਕਾਰ ਨੇ ਪੰਜਾਬ ਨੂੰ ਕਰੀਬ ਸਵਾ ਸਾਲ ਦੇ ਅੰਦਰ ਹੀ ਤਰੱਕੀ ਵੱਲ ਲਿਜਾਣ ਦੀ ਇੱਕ ਨਵੀ ਪੁਲਾਂਘ ਪੁੱਟੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ੇਰੋਵਾਲੀਆ ਦੀ ਜਿੱਤ ਨਾਲ ਹਲਕੇ ਅੰਦਰ ਝੂਠੇ ਪਰਚੇ ਦਰਜ ਕਰਵਾਉਣ ਵਾਲਿਆਂ ਦੀ ਰਾਜਨੀਤੀ ਦਾ ਅੰਤ ਹੋ ਗਿਆ ਹੈ। ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸ਼ਾਹਕੋਟੀਆਂ ਨੇ ਲਾਡੀ ਨੂੰ ਜਿਤਾ ਕੇ ਕੈਪਟਨ ਦੀਆਂ ਲੋਕ ਪੱਖੀ ਨੀਤੀਆਂ ’ਤੇ ਮੋਹਰ ਲਾਈ ਹੈ। ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨੇ ਮੰਗ ਕੀਤੀ ਕਿ ਆਬਾਦਕਾਰਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਦੋਆਬੇ ਵਿੱਚ ਇੱਕ ਮੈਡੀਕਲ ਖੋਲ੍ਹਿਆ ਜਾਵੇ ਅਤੇ ਸੜਕਾਂ ਦੀ ਢੁੱਕਵੀਂ ਮੁਰੰਮਤ ਕਰਵਾਈ ਜਾਵੇ। ਵਿਧਾਇਕ ਸ਼ੇਰੋਵਾਲੀਆ ਨੇ ਕਸਬੇ ਤੋਂ ਬਾਹਰ ਵੱਡੀ ਦਾਣਾ ਮੰਡੀ ਬਣਾਉਣ, ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ, ਸ਼ਾਹਕੋਟ ’ਚ ਆਲੂ ਖੋਜ ਕੇਂਦਰ ਅਤੇ ਆਲੂ ਮਾਰਕੀਟਿੰਗ ਬੋਰਡ ਬਣਾਉਣ, ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਅਤੇ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ।

ਸ਼ਾਹਕੋਟ ਦੇ ਵਿਕਾਸ ਲਈ 2140 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ
ਧੰਨਵਾਦ ਰੈਲੀ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਲਕਾ ਸ਼ਾਹਕੋਟ ਦੇ ਵਿਕਾਸ ਲਈ 2140 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਉਨ੍ਹਾਂ ਸਤਿਗੁਰ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ’ਤੇ 28 ਜੂਨ ਨੂੰ ਪੰਜਾਬ ਭਰ ’ਚ ਸਰਕਾਰੀ ਛੁੱਟੀ ਕਰਨ ਦਾ ਐਲਾਨ ਕੀਤਾ। ਵਿਕਾਸ ਕੰਮਾਂ ਦਾ ਜ਼ਿਕਰ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਤੋਂ ਹੁਸ਼ਿਆਰਪੁਰ ਕੌਮੀ ਹਾਈਵੇ ਨੂੰ 4 ਮਾਰਗੀ ਕਰਨ ਲਈ 1069 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਜਲੰਧਰ ਬਾਈਪਾਸ ਨੂੰ ਜੰਡੂਸਿੰਘਾ ਤੇ ਪ੍ਰਤਾਪਪੁਰਾ ਬਰਾਸਤਾ ਜਮਸੇਰ ਨਾਲ ਜੋੜਨ ਲਈ 1000 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਕੈਪਟਨ ਨੇ ਚੁਗਿਟੀ-ਲੱਧੇਵਾਲੀ ਸੜਕ ’ਤੇ ਰੇਲਵੇ ਓਵਰ ਬਰਿਜ ਦੀ ਉਸਾਰੀ ਲਈ 35 ਕਰੋੜ ਰੁਪਏ ਅਤੇ ਜਲੰਧਰ ਤੋਂ ਜੰਡਿਆਲਾ-ਨੂਰਮਹਿਲ-ਤਲਵਣ ਤੱਕ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਲਈ 17 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਹਲਕੇ ਵਿੱਚ 3 ਸਮਾਰਟ ਸਕੂਲ, 32 ਡਿਜੀਟਲ ਕਲਾਸ ਰੂਮ ਦਾ ਐਲਾਨ ਕੀਤਾ।