ਸ਼ਾਹਕੋਟ, 12 ਮਈ  
ਵਿਧਾਨ ਸਭਾ ਹਲਕਾ ਸ਼ਾਹਕੋਟ ਦੀ 28 ਮਈ ਨੂੰ ਹੋਣ ਵਾਲੀ ਉੱਪ ਚੋਣ ਲਈ ਚੋਣ ਲੜਨ ਵਾਲੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਦੇ ਕਾਗ਼ਜ਼ਾਂ ਦੀ ਅੱਜ ਐੱਸਡੀਐੱਮ ਸ਼ਾਹਕੋਟ ਤੇ ਚੋਣ ਰਿਟਰਨਿੰਗ ਅਫਸਰ ਜਗਜੀਤ ਸਿੰਘ ਵੱਲੋਂ ਪੜਤਾਲ ਕੀਤੀ ਗਈ। ਸ਼ਾਮ 7 ਵਜੇ ਕੀਤੀ ਗਈ ਪੜਤਾਲ ਦੌਰਾਨ 6 ਉਮੀਦਵਾਰਾਂ ਦੇ ਕਾਗ਼ਜ਼ਾਂ ਵਿੱਚ ਕੁਝ ਖਾਮੀਆਂ ਪਾਏ ਜਾਣ ਕਾਰਨ ਉਨ੍ਹਾਂ ਦੇ ਕਾਗ਼ਜ਼ ਰੱਦ ਕਰ ਦਿੱਤੇ ਗਏ। 6 ਉਮੀਦਵਾਰਾਂ ਦੇ ਕਾਗ਼ਜ਼ ਰੱਦ  ਹੋਣ ਤੋਂ ਬਾਅਦ ਹੁਣ 13 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਚੋਣ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕਰਨ ਵਾਲੇ ਬਚਿੱਤਰ ਸਿੰਘ ਕੋਹਾੜ, ਆਮ ਆਦਮੀ ਪਾਰਟੀ ਦੇ ਕਵਰਿੰਗ ਉਮੀਦਵਾਰ ਰਣਜੀਤ ਕੌਰ ਕਾਕੜ ਕਲਾਂ, ਕਾਂਗਰਸ ਪਾਰਟੀ ਦੀ ਕਵਰਿੰਗ ਉਮੀਦਵਾਰ ਮਨਜਿੰਦਰ ਕੌਰ ਅਤੇ ਆਜ਼ਾਦ ਉਮੀਦਵਾਰ ਹਰਦੇਵ ਸਿੰਘ ਰਾਮੂਵਾਲ, ਸੁਖਦੇਵ ਸਿੰਘ ਡੇਰਾਬਸੀ ਅਤੇ ਬਲਵੰਤ ਸਿੰਘ ਦੀ ਨਾਮਜ਼ਦਗੀ  ਰੱਦ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਕਾਗ਼ਜ਼ਾਂ ਦੀ ਕੀਤੀ ਗਈ ਪੜਤਾਲ ਤੋਂ ਬਾਅਦ ਹੁਣ ਕਾਂਗਰਸ ਪਾਰਟੀ  ਦੇ ਹਰਦੇਵ ਸਿੰਘ ਲਾਡੀ, ਸ਼੍ਰੋਮਣੀ ਅਕਾਲੀ ਦਲ ਦੇ ਨਾਇਬ ਸਿੰਘ ਕੋਹਾੜ, ਆਮ ਆਦਮੀ ਪਾਰਟੀ ਦੇ ਰਤਨ ਸਿੰਘ ਕਾਕੜ ਕਲਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਦਾਰ ਸੁਲੱਖਣ ਸਿੰਘ ਨਿਜ਼ਾਮੀਪੁਰ, ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਸਤਨਾਮ ਸਿੰਘ ਮਲਸੀਆਂ ਅਤੇ ਆਜ਼ਾਦ ਉਮੀਦਵਾਰ ਗੁਰਮੀਤ ਸਿੰਘ ਨਿਮਾਜੀਪੁਰ, ਪਰਮਜੋਤ, ਮਨਜੀਤ ਸਿੰਘ, ਨਾਇਬ ਸਿੰਘ ਸੀਚੇਵਾਲ, ਕਸ਼ਮੀਰ ਸਿੰਘ, ਸੰਦੀਪ ਕੁਮਾਰ ਬੱਬੀ, ਸੱਤਪਾਲ, ਮਲਕੀਤ ਸਿੰਘ ਅਤੇ ਮਨੋਹਰ ਲਾਲ ਦਾ ਨਾਮਜ਼ਦਗੀ ਪੱਤਰ ਦਰੁਸਤ ਪਾਇਆ ਗਿਆ। ਉਨ੍ਹਾਂ ਕਿਹਾ ਕਿ 14 ਮਈ ਨੂੰ ਚੋਣ ਨਾ ਲੜਨ ਵਾਲਾ ਕੋਈ ਵੀ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਿਸ ਲੈ ਸਕਦਾ ਹੈ। 28 ਮਈ ਨੂੰ ਵੋਟਾਂ ਪੈਣਗੀਆਂ ਅਤੇ 31 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।