ਨਵੀਂ ਦਿੱਲੀ, ਹਾਕਮ ਕਾਂਗਰਸ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਸ੍ਰੀ ਸ਼ੇਰੋਵਾਲੀਆ ਦੇ ਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਬਿਆਨ ਵਿੱਚ ਕਿਹਾ ਗਿਆ ਹੈ, ‘‘ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਦੇ ਸ਼ਾਹਕੋਟ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਵਾਸਤੇ ਹਰਦੇਵ ਸਿੰਘ ਲਾਡੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।’’ ਸ੍ਰੀ ਸ਼ੇਰੋਵਾਲੀਆ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਕਰੀਬੀ ਦੱਸੇ ਜਾਂਦੇ ਹਨ। ਉਹ ਫਰਵਰੀ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਨ, ਪਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਜੀਤ ਸਿੰਘ ਕੋਹਾੜ ਕੋਲੋਂ ਹਾਰ ਗਏ ਸਨ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਹ ਸੀਟ ਬੀਤੇ ਫ਼ਰਵਰੀ ਮਹੀਨੇ ਸ੍ਰੀ ਕੋਹਾੜ ਦੇ ਚਲਾਣੇ ਕਾਰਨ ਖ਼ਾਲੀ ਹੋਈ ਸੀ। ਇਸੇ ਦੌਰਾਨ ਅੱਜ ਸ਼ਾਹਕੋਟ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਹੀ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋ ਗਿਆ। ਹਲਕੇ ’ਚ ਵੋਟਾਂਂ 28 ਮਈ ਨੂੰ ਪੈਣਗੀਆਂ।
ਚੋਣ ਲਈ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ 10 ਮਈ ਹੈ, ਜਦੋਂਕਿ ਕਾਗਜ਼ 14 ਮਈ ਤੱਕ ਵਾਪਸ ਲਏ ਜਾ ਸਕਣਗੇ। ਵੋਟਾਂ ਦੀ ਗਿਣਤੀ ਅਤੇ ਨਤੀਜੇ ਦਾ ਐਲਾਨ 31 ਮਈ ਨੂੰ ਹੋਏਗਾ। ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਚੋਣਾਂ ਸਬੰਧੀ ਨਿਗਰਾਨ ਸੈੱਲ ਕਾਇਮ ਕੀਤਾ ਹੈ ਜੋ ਲਗਾਤਾਰ 24 ਘੰਟੇ ਕੰਮ ਕਰੇਗਾ।