ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਵੱਲੋਂ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ 5 ਮਈ ਨੂੰ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ। ਉਂਜ ਪਾਰਟੀ ਦੇ ਕਈ ਆਗੂ ਚੋਣ ਨਾ ਲੜਨ ਦੀ ਸਲਾਹ ਦੇ ਰਹੇ ਹਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਟਿਕਟ ’ਤੇ ਸ਼ਾਹਕੋਟ ਤੋਂ ਚੋਣ ਲੜੇ ਡਾਕਟਰ ਅਮਰਜੀਤ ਸਿੰਘ ਥਿੰਦ ਨੇ 42,000 ਵੋਟਾਂ ਹਾਸਲ ਕੀਤੀਆਂ ਸਨ। ਡਾ. ਥਿੰਦ ਦੇ ਕੁਝ ਸਮਾਂ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਕਾਰਨ ਪਾਰਟੀ ਨੂੰ ਭਾਰੀ ਝਟਕਾ ਲੱਗਾ ਹੈ ਅਤੇ ਹੁਣ ਯੋਗ ਉਮੀਦਵਾਰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਸੂਤਰਾਂ ਅਨੁਸਾਰ ਕੁਝ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਵੱਲੋਂ ਜ਼ਿਮਨੀ ਚੋਣ ਨਹੀਂ ਲੜੀ ਜਾਂਦੀ ਤਾਂ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਮਿਲੇਗਾ ਕਿ ਮੁੱਖ ਵਿਰੋਧੀ ਪਾਰਟੀ ਚੋਣ ਮੈਦਾਨ ਵਿੱਚੋਂ ਭੱਜ ਗਈ ਹੈ। ਇਸ ਦਾ ਮਾੜਾ ਪ੍ਰਭਾਵ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪੈ ਸਕਦਾ ਹੈ। ਦੂਸਰੇ ਪਾਸੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਜ਼ਿਮਨੀ ਚੋਣ ਲਈ ਜ਼ੋਰ ਲਾਉਣ ਦੀ ਥਾਂ ’ਤੇ ਲੋਕ ਸਭਾ ਚੋਣਾਂ ਲਈ ਲਾਮਬੰਦੀ ਕਰਨੀ ਚਾਹੀਦੀ ਹੈ। ਪਾਰਟੀ ਦੇ ਪੰਜਾਬ ਇਕਾਈ ਦੇ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ 5 ਮਈ ਨੂੰ ਚੰਡੀਗੜ੍ਹ ’ਚ ਪਾਰਟੀ ਦੇ ਵਿਧਾਇਕਾਂ, ਸੂਬਾ ਅਹੁਦੇਦਾਰਾਂ, ਜ਼ੋਨ ਅਤੇ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਨਗੇ। ਉਸ ਦਿਨ ਉਹ ਮੁਹਾਲੀ ਵਿੱਚ ਪਾਰਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਵੀ ਕਰਨਗੇ। ਸਮਾਗਮ ਦੌਰਾਨ ਸ਼ਾਹਕੋਟ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਸਹਿ ਪ੍ਰਧਾਨ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਸ਼ਾਹਕੋਟ ਜ਼ਿਮਨੀ ਚੋਣ ਹਰ ਹੀਲੇ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ 10 ਉਮੀਦਵਾਰ ਸਾਹਮਣੇ ਆਏ ਹਨ ਅਤੇ ਉਨ੍ਹਾਂ ਵਿੱਚੋਂ ਚੋਣ ਕਰਕੇ ਇਕ ਉਮੀਦਵਾਰ ਦਾ ਐਲਾਨ 5 ਮਈ ਨੂੰ ਕਰ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਪਾਰਟੀ ਵੱਲੋਂ ਜਗਤਾਰ ਸਿੰਘ ਸੰਘੇੜਾ ਨੂੰ ਚੋਣ ਲੜਾਉਣ ਉਪਰ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਸੰਘੇੜਾ ਨੂੰ ਆਦਮਪੁਰ ਤੋਂ ਮੈਦਾਨ ਵਿੱਚ ਉਤਾਰ ਕੇ ਟਿਕਟ ਵਾਪਸ ਲੈ ਲਈ ਗਈ ਸੀ। ਸ਼ਾਹਕੋਟ ਚੋਣ ਦੌਰਾਨ ਭਗਵੰਤ ਮਾਨ ਵੱਲੋਂ ਪ੍ਰਚਾਰ ਕਰਨ ਬਾਰੇ ਸੰਸੇ ਬਰਕਰਾਰ ਹਨ ਕਿਉਂਕਿ ਉਹ ਇਸ ਸਮੇਂ ਵਿਦੇਸ਼ ਦੌਰੇ ’ਤੇ ਹਨ।