ਇੰਡੀਅਨ ਵੈੱਲਜ਼, ਪੰਜ ਵਾਰ ਗਰੈਂਡ ਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੇ ਡਬਲਯੂਟੀਏ ਇੰਡੀਅਨ ਵੈੱਲਜ਼ ਟੂਰਨਾਮੈਟ ਦੇ ਪਹਿਲੇ ਗੇੜ ਵਿੱਚ ਮਿਲੀ ਹਾਰ ਮਗਰੋਂ ਆਪਣੇ ਟੈਨਿਸ ਕੋਚ ਸਵੈੱਨ ਗਰੋਇਨਵੈਲਡ ਨਾਲੋਂ ਨਾਤਾ ਤੋੜ ਲਿਆ ਹੈ। ਚਾਰ ਸਾਲ ਇਕੱਠੇ ਕੰਮ ਕਰਨ ਮਗਰੋਂ ਵੱਖਰੇ ਹੋਣ ਦਾ ਫ਼ੈਸਲਾ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ। ਸ਼ਾਰਾਪੋਵਾ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ, ‘‘ਇਕੱਠਿਆਂ ਸਫਲ ਅਤੇ ਚੁਣੌਤੀਪੂਰਨ ਸਾਲ ਗੁਜ਼ਾਰਨ ਮਗਰੋਂ ਸ਼ਾਨਦਾਰ ਵਫ਼ਾਦਾਰੀ, ਕੰਮ ਪ੍ਰਤੀ ਇਮਾਨਦਾਰੀ ਅਤੇ ਇਸ ਤੋਂ ਵੀ ਮਹੱਤਵਪੂਰਨ ਇਸ ਕੰਮ ਦੀ ਸਾਂਝ ਤੋਂ ਵੱਖਰੇ ਤੌਰ ’ਤੇ ਮੈਂ ਦੋਸਤੀ ਲਈ ਸਵੈੱਨ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਆਪਸੀ ਮਰਜ਼ੀ ਨਾਲ ਵੱਖਰੇ ਹੋਣ ਲਈ ਰਾਜ਼ੀ ਹੋਏ ਹਾਂ ਪਰ ਮੈਂ ਬਹੁਤ ਹੀ ਖ਼ੁਸ਼ਕਿਸਮਤ ਹਾਂ ਕਿ ਆਪਣੇ ਕਰੀਅਰ ਦੌਰਾਨ ਮੈਨੂੰ ਉਨ੍ਹਾਂ ਨੇ ਅਗਵਾਈ ਦਿੱਤੀ।’’ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਖਿਡਾਰਨ ਸ਼ਾਰਾਪੋਵਾ ਬੀਤੇ ਦਿਨੀਂ ਜਾਪਾਨ ਦੀ ਚੋਟੀ ਦੀ ਖਿਡਾਰਨ ਨਾਓਮੀ ਓਸਾਕਾ ਤੋਂ ਸਿੱਧੇ ਸੈੱਟਾਂ ਵਿੱਚ 6-4, 6-4 ਨਾਲ ਹਾਰ ਗਈ ਸੀ। ਨੀਦਰਲੈਂਡ ਕੋਚ ਸਵੈੱਨ ਨੇ ਮਾਰੀਆ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਹਨਤੀ ਅਤੇ ਆਪਣੇ ਕੰਮ ਪ੍ਰਤੀ ਇਮਾਨਦਾਰ ਖਿਡਾਰਨ ਹੈ।