ਚੰਡੀਗਡ਼੍ਹ, 31 ਮਾਰਚ
ਭਾਜਪਾ ਹਾਈਕਮਾਂਡ ਨੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੂੰ ਸੂਬਾ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕਰਦਿਆਂ ਉਨ੍ਹਾਂ ਦੀ ਥਾਂ ’ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਪ੍ਰਦੇਸ਼ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਪ੍ਰਧਾਨਗੀ ਦੀ ਦੌਡ਼ ਵਿੱਚ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਾਕੇਸ਼ ਰਾਠੌਰ ਵੀ ਸ਼ਾਮਲ ਸਨ ਪਰ ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਮੇਅਰ ਸ਼ਵੇਤ ਮਲਿਕ ਬਾਜ਼ੀ ਮਾਰਨ ਵਿੱਚ ਸਫ਼ਲ ਰਹੇ। ਸ੍ਰੀ ਮਲਿਕ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਅਾਸ਼ੀਰਵਾਦ ਹਾਸਲ ਹੈ ਜਿਸ ਕਾਰਨ ਉਹ ਪੰਜਾਬ ਭਾਜਪਾ ਦਾ ਟੀਸੀ ਦਾ ਅਹੁਦਾ ਹਾਸਲ ਕਰਨ ਵਿੱਚ ਸਫ਼ਲ ਹੋਏ। ਭਾਜਪਾ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਸਾਲ ਕੁ ਪਹਿਲਾਂ ਵਿਜੈ ਸਾਂਪਲਾ ਨੂੰ ਸੂਬੇ ’ਚ ਪਾਰਟੀ ਦੀ ਕਮਾਨ ਸੌਂਪੀ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਸ੍ਰੀ ਸਾਂਪਲਾ ਦੀ ਅਗਵਾਈ ਹੇਠ ਭਾਜਪਾ ਵਿਧਾਨ ਸਭਾ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਦਿਖਾਏਗੀ ਪਰ ਚੋਣਾਂ ਵਿੱਚ ਗਠਜੋਡ਼ ਨੂੰ ਲੱਕ-ਤੋਡ਼ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 12 ਤੋਂ ਘੱਟ ਕੇ ਤਿੰਨ ਰਹਿ ਗਈ ਸੀ। ਉਸ ਤੋਂ ਬਾਅਦ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਸਵਰਨ

ਸਲਾਰੀਆ ਲਗਭਗ ਦੋ ਲੱਖ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ। ਵਿਧਾਨ ਸਭਾ, ਲੋਕ ਸਭਾ ਦੀ ਜ਼ਿਮਨੀ ਚੋਣ, ਤਿੰਨ ਨਗਰ ਨਿਗਮਾਂ ਅਤੇ ਨਗਰ ਕੌਸਲਾਂ ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਸ੍ਰੀ ਸਾਂਪਲਾ ਦੇ ਵਿਰੋਧੀਆਂ ਨੇ ਹਾਈਕਮਾਂਡ ਕੋਲ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਹਾਈਕਮਾਂਡ ਨੂੰ ਦਲੀਲ ਦੇਣੀ ਸ਼ੁਰੂ ਕਰ ਦਿੱਤੀ ਸੀ ਕਿ ਸ੍ਰੀ ਸਾਂਪਲਾ ਕੇਂਦਰ ਵਿੱਚ ਵਜ਼ੀਰ ਹਨ ਅਤੇ ਉਹ ਪ੍ਰਧਾਨਗੀ ਦੇ ਅਹੁਦੇ ਨਾਲ ਇਨਸਾਫ਼ ਨਹੀਂ ਕਰ ਸਕਦੇ। ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਿਹਤਰ ਨਤੀਜੇ ਹਾਸਲ ਕਰਨੇ ਹਨ ਤਾਂ ਪਾਰਟੀ ਕਿਸੇ ਹੋਰ ਆਗੂ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੇ। ਪੰਜਾਬ ਭਾਜਪਾ ਵਿੱਚ ਧਡ਼ੇਬਾਜ਼ੀ ਅਤੇ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਵੇਤ ਮਲਿਕ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਦਿੱਲੀ ਮੁੱਖ ਦਫ਼ਤਰ ਦੇ ਇੰਚਾਰਜ ਅਰੁਣ ਸਿੰਘ ਨੇ ਅੱਜ ਬਾਅਦ ਦੁਪਹਿਰ ਪੰਜਾਬ ’ਚ ਪਾਰਟੀ ਦਾ ਪ੍ਰਧਾਨ ਬਦਲਣ ਦੀ ਜਾਣਕਾਰੀ ਦਿੱਤੀ। ਜਿਸ ਸਮੇਂ ਸ੍ਰੀ ਸਾਂਪਲਾ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ, ਉਸ ਸਮੇਂ ਦੇਸ਼ ਦੀਆਂ ਅਣਸੂਚਿਤ ਜਾਤੀਆਂ ਵਿੱਚ ਐਸਸੀ/ਐਸਟੀ ਐਕਟ ਨੂੰ ਨਰਮ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਰੋਸ ਹੈ ਅਤੇ ਉਨ੍ਹਾਂ ਦੋ ਅਪਰੈਲ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ।