ਚੰਡੀਗੜ੍ਹ, ਸਹਿਕਾਰੀ ਸੁਸਾਇਟੀਆਂ ਪੰਜਾਬ ਨੇ ਬੇਨਿਯਮੀਆਂ ਕਰਕੇ ਪਠਾਨਕੋਟ ਦੇ ਹਿੰਦੂ ਅਰਬਨ ਕੋਆਪਰੇਟਿਵ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਨੂੰ ਮੁਅੱਤਲ ਕਰਕੇ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਇਸ ਬੈਂਕ ਨੇ 44 ਡਿਫਾਲਟਰਾਂ ਕੋਲੋਂ 99.69 ਕਰੋੜ ਰੁਪਏ ਵਸੂਲਣੇ ਹਨ।
ਸਹਿਕਾਰੀ ਸੁਸਾਇਟੀਆਂ ਪੰਜਾਬ ਦੇ ਰਜਿਸਟਰਾਰ ਅਰਵਿੰਦਰ ਸਿੰਘ ਬੈਂਸ ਨੇ ਅੱਜ ਇਥੇ ਦੱਸਿਆ ਕਿ ਬੋਰਡ ਆਫ਼ ਡਾਇਰੈਕਟਰਜ਼ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਉਹ ਪਾਰਦਰਸ਼ੀ ਅਤੇ ਪੇਸ਼ੇਵਰ ਢੰਗ ਨਾਲ ਆਪਣਾ ਫਰਜ਼ ਨਿਭਾਉਣ ਵਿੱਚ ਨਾਕਾਮ ਰਹੇ ਹਨ। ਇਸ ਲਈ ਬੈਂਕ ਦੀ ਵਿੱਤੀ ਹਾਲਤ ਉੱਤੇ ਬਹੁਤ ਮਾੜਾ ਅਸਰ ਪਿਆ ਹੈ। ਉਨ੍ਹਾ ਕਿਹਾ ਕਿ  ਵਿਭਾਗ ਨੂੰ ਲੋਕਾਂ ਅਤੇ ਬੈਂਕ ਦੇ ਅਮਲੇ ਪਾਸੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਬੋਰਡ ਆਫ ਡਾਇਰੈਕਟਰਜ਼ ਵੱਲੋਂ ਪ੍ਰਬੰਧ ਸਬੰਧੀ ਆਪਣੇ ਫਰਜ਼ ਨਿਭਾਉਣ ਵਿੱਚ ਕੁਤਾਹੀ ਵਰਤੀ ਜਾ ਰਹੀ ਹੈ। ਇਸ ਸਬੰਧੀ ਸੰਯੁਕਤ ਰਜਿਸਟਰਾਰ, ਸਹਿਕਾਰੀ ਸੁਸਾਇਟੀਆਂ, ਜਲੰਧਰ ਡਿਵੀਜ਼ਨ ਵੱਲੋਂ ਪੜਤਾਲ ਕੀਤੀ ਗਈ ਸੀ, ਜਿਸ ਵਿੱਚ ਸਾਹਮਣੇ ਆਇਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਇਸ ਬੈਂਕ ਦੇ ਨਿਰੀਖਣ ਕਰਦੇ ਸਮੇਂ ਲਗਾਤਾਰ ਦੂਜੇ ਵਰ੍ਹੇ ਲਈ ‘ਸੈਲਫ ਕਰੈਕਟਿਵ ਐਕਸ਼ਨ’ ਤਹਿਤ ਬੈਂਕ ਨੂੰ ਨੋਟਿਸ ਦਿੱਤਾ ਸੀ।  ਬੈਂਕ ਨੇ ਆਪਣੀ ਸੀਆਰਏਆਰ 31-3-2017 ਨੂੰ 9 ਫੀਸਦੀ ਦਿਖਾਈ ਸੀ ਜਦੋਂਕਿ ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਰੀਖਣ ਤੋਂ ਬਾਅਦ ਇਹ 68 ਫੀਸਦੀ ਤੱਕ ਘੱਟ ਗਈ, ਕਿਉਂਕਿ ਇਸ ਬੈਂਕ ਨੇ ਆਪਣੇ ਖਾਤਿਆਂ ਵਿੱਚ ਲੋੜੀਂਦੀਆਂ ਤਜਵੀਜ਼ਾਂ ਨਹੀਂ ਸੀ ਕੀਤੀਆਂ।
ਇਸ ਬੈਂਕ ਦੀ ਐੱਨ.ਪੀ.ਏ. 48 ਫੀਸਦੀ ਤੱਕ ਪਹੁੰਚ ਗਈ, ਜੋ ਕਾਫੀ ਉੱਚੀ ਦਰ ਹੈ। ਇੰਨਾ ਹੀ ਨਹੀਂ ਸਗੋਂ ਬੋਰਡ ਆਫ਼ ਡਾਇਰੈਕਟਰਜ਼ ਨੇ ਬੈਂਕ ਦੇ ਕੁਝ ਚੋਣਵੇਂ ਡਿਫਾਲਟਰਾਂ ਨੂੰ ਵਿੱਤੀ ਲਾਭ ਦਿੰਦੇ ਹੋਏ ਉਨ੍ਹਾਂ ਉੱਤੇ ਵਿਆਜ ਦੀ ਘੱਟ ਦਰ ਆਇਦ ਕੀਤੀ ਤੇ ਉਨ੍ਹਾਂ ਤੋਂ ਵਸੂਲਿਆ ਜਾਣ ਵਾਲਾ ਜੁਰਮਾਨਾ ਵਿਆਜ ਬਿਲਕੁਲ ਹੀ ਮੁਆਫ਼ ਕਰ ਦਿੱਤਾ।
ਜਾਣਕਾਰੀ ਅਨੁਸਾਰ ਬੋਰਡ ਵੱਲੋਂ ਮੈਸਰਜ਼ ਮਹਾਜਨ ਲੈਮੀਨੇਸ਼ਨ ਵਰਕਸ ਨੂੰ ਵਿਆਜ ਦਰ 13 ਤੋਂ 12 ਫੀਸਦੀ, ਮੈਸਰਜ਼ ਵਿਕਾਸ ਵੈਂਚਰਜ਼ ਨੂੰ 12.5 ਤੋਂ 12 ਫੀਸਦੀ, ਮੈਸਰਜ਼ ਵੀਨਸ ਪਬਲਿਕ ਰਿਜ਼ੌਰਟ ਨੂੰ 13 ਤੋਂ 12 ਫੀਸਦੀ ਦਿੱਤੀ ਗਈ। ਮੈਸਰਜ਼ ਟਰਾਂਸਵਰਲਡ ਸੈੱਲਵੇਅਜ਼ ਦੇ ਮਾਮਲੇ ਵਿੱਚ 43.39 ਲੱਖ ਰੁਪਏ ਦਾ ਜੁਰਮਾਨਾ ਵਿਆਜ ਮੁਆਫ ਕਰ ਦਿੱਤਾ ਗਿਆ, ਮੈਸਰਜ਼ ਸਾਈਂ ਐਂਟਰਪ੍ਰਾਈਜਿਜ਼ ਦਾ 26, 49, 321 ਰੁਪਏ, ਮੈਸਰਜ਼ ਐੱਸ.ਐੱਸ. ਟਿੰਬਰਜ਼ ਦਾ 4,21,361 ਰੁਪਏ ਅਤੇ ਮੈਸਰਜ਼ ਨਰਿੰਦਰ ਸਿੰਘ ਦਾ 62,949 ਰੁਪਏ ਦਾ ਜੁਰਮਾਨਾ ਵਿਆਜ ਬਿਲਕੁਲ ਮੁਆਫ ਕਰ ਦਿੱਤਾ ਗਿਆ। ਕਈ ਅਜਿਹੇ ਮਾਮਲੇ ਵੀ ਹਨ, ਜਿਥੇ ਬੋਰਡ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਫੈਸਲੇ ਲਏ ਅਤੇ ਸੰਸਥਾ ਦੇ ਹਿੱਤਾਂ ਖ਼ਿਲਾਫ਼ ਕੰਮ ਕੀਤਾ।
ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਕੁਝ ਖਾਸ ਵਿਅਕਤੀਆਂ ’ਤੇ ਮਿਹਰਬਾਨੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਬਹੁਤ ਵੱਡੀਆਂ ਰਕਮਾਂ ਬਤੌਰ ਕਰਜ਼ ਵਜੋਂ ਦਿੱਤੀਆਂ ਅਤੇ ਅਜਿਹੇ ਕਰਜ਼ਦਾਰਾਂ ਪਾਸੋਂ ਵਸੂਲੀ ਵੀ ਨਹੀਂ ਕੀਤੀ ਗਈ।

ਭੁਪਿੰਦਰਜੀਤ ਵਾਲੀਆ ਪ੍ਰਸ਼ਾਸਕ ਨਿਯੁਕਤ
ਸਹਿਕਾਰੀ ਸੁਸਾਇਟੀਆਂ ਦੇ ਉਪ ਰਜਿਸਟਰਾਰ ਭੁਪਿੰਦਰਜੀਤ ਸਿੰਘ ਵਾਲੀਆ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ 11 ਮਈ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ।