ਪਟਿਆਲਾ, 23 ਅਗਸਤ
ਨਾਭਾ ਦੀ ਉਚ ਸੁਰੱਖਿਆ ਜੇਲ੍ਹ ਵਿੱਚੋਂ 9 ਮਹੀਨੇ ਪਹਿਲਾਂ ਫ਼ਰਾਰ ਹੋਏ ਖ਼ਤਰਨਾਕ ਗੈਂਗਸਟਰ ਵਿੱਕੀ  ਗੌਂਡਰ ਨੇ ਪੰਜਾਬ ਪੁਲੀਸ ਦੇ ਨੱਕ ਵਿੱਚ  ਦਮ ਕੀਤਾ ਹੋਇਆ ਹੈ| ਉਸ ਵੱਲੋਂ ਆਪਣੇ ਵਿਰੋਧੀਆਂ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ| ਉਸ ਨੇ ਹਾਲ ਹੀ ਵਿੱਚ ਆਪਣੇ  ਵਿਰੋਧੀਆਂ ਨੂੰ ਮੁੜ ਵੰਗਾਰਿਆ ਹੈ।
ਵਿੱੱਕੀ ਗੌਂਡਰ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਆਪਣੇ ਵਿਰੋਧੀਆਂ ਨੂੰ ਧਮਕੀ  ਦਿੱਤੀ  ਹੈ ਤੇ ਲਿਖਿਆ ਹੈ, ‘‘ਇਹ ਨਾ ਸੋਚ ਲਿਓ ਵੈਰੀਓ ਕਿ ਤੁਹਾਡੀ ਮੌਤ ਟਲ ਗਈ, ਥੋੜ੍ਹਾ ਸਮਾਂ ਜ਼ਿੰਦਗੀ  ਉਧਾਰ ਦਿੱਤੀ  ਹੈ ਤੁਹਾਨੂੰ|’’ ਵਿੱੱਕੀ ਗੌਂਡਰ ਦੀਆਂ ਸੋਸ਼ਲ ਮੀਡੀਆ ’ਤੇ ਅਜਿਹੀਆਂ ਸਰਗਰਮੀਆਂ ਤੋਂ ਨਾ ਸਿਰਫ਼ ਪਟਿਆਲਾ  ਪੁਲੀਸ, ਬਲਕਿ ਸਮੁੱਚੇ  ਪੰਜਾਬ ਦੀ ਪੁਲੀਸ ਪ੍ਰੇਸ਼ਾਨ  ਹੈ| ਜ਼ਿਕਰਯੋਗ  ਹੈ ਕਿ 27 ਨਵੰਬਰ 2016 ਨੂੰ ਕਈ ਹਥਿਆਰਬੰਦ ਗੈਂਗਸਟਰ ਨਾਭਾ  ਜੇਲ੍ਹ ਤੋਂ ਛੇ ਕੈਦੀਆਂ ਨੂੰ ਛੁਡਵਾ ਕੇ ਲੈ ਗਏ ਸਨ| ਇਨ੍ਹਾਂ ਵਿੱਚੋਂ ਭਾਵੇਂ ਕੇਐਲਐਫ ਦੇ ਚੀਫ਼ ਹਰਮਿੰਦਰ ਸਿੰਘ ਮਿੰਟੂ ਸਮੇਤ ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਤੇ ਅਮਲ ਢੋਟੀਆ ਨੂੰ ਬਾਅਦ ਵਿੱਚ  ਕਾਬੂ ਕਰ ਲਿਆ,  ਪਰ ਵਿੱਕੀ  ਗੌਂਡਰ ਇੱਕ ਹੋਰ ਕੈਦੀ ਸਮੇਤ ਅਜੇ ਵੀ ਫ਼ਰਾਰ ਹੈ। ਗੁਰਦਾਸਪੁਰ ਵਿੱਚ ਦੋ ਨੌਜਵਾਨਾਂ ਦੀ ਹੱਤਿਆ ਸਮੇਤ  ਕੁਝ ਹੋਰ ਵਾਰਦਾਤਾਂ ਵਿੱਚ ਵੀ ਵਿੱਕੀ  ਗੌਂਡਰ ਦਾ  ਹੱਥ ਮੰਨਿਆ ਜਾ ਰਿਹਾ ਹੈ। ਇਸ ਸਬੰਧੀ ਪਟਿਆਲਾ ਦੇ ਐਸਪੀ (ਡਿਟੈਕਟਿਵ) ਹਰਵਿੰਦਰ ਸਿੰਘ ਵਿਰਕ ਦਾ ਕਹਿਣਾ ਸੀ ਕਿ ਵਿੱਕੀ ਗੌਂਡਰ ਪੁਲੀਸ ਹੱਥੋਂ ਬਹੁਤੀ ਦੇਰ ਨਹੀਂ  ਬਚ ਸਕੇਗਾ| ਉਨ੍ਹਾਂ ਉਸ ਦੀਆਂ ਵਿਦੇਸ਼ ਜਾਣ ਸਬੰਧੀ ਪੋਸਟਾਂ ਅਤੇ ਫੋਟੋਆਂ ਨੂੰ ਗੁੰਮਰਾਹਕੁਨ ਪ੍ਰਚਾਰ ਦੱਸਿਆ|