ਮਲੋਟ/ਲੰਬੀ, 29 ਜਨਵਰੀ
ਪੰਜਾਬ ਅਤੇ ਰਾਜਸਥਾਨ ਦੀ ਸਰਹੱਦ ’ਤੇ ਸਥਿਤ ਹਿੰਦੂਮਲ ਕੋਟ ਦੀਆਂ ਢਾਣੀਆਂ ਵਿੱਚ ਪੰਜਾਬ ਦੇ 10 ਲੱਖ ਦੇ ਇਨਾਮੀ ਗੈਂਗਸਟਰ ਹਰਜਿੰਦਰ ਸਿੰਘ ਉਰਫ਼ ਵਿੱਕੀ ਗੌਂਡਰ ਅਤੇ ਦੋ ਹੋਰ ਸਾਥੀਆਂ ਦੇ ਪੁਲੀਸ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਵਿੱਕੀ ਦਾ ਮਾਮਾ ਗੁਰਭੇਜ ਸਿੰਘ ‘ਬਿੱਟੂ ਬੀਕਾਨੇਰੀਆ’ ਖੁੱਲ੍ਹ ਕੇ ਸਾਹਮਣੇ ਆਇਆ ਹੈ। ਉਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਦੇ ਸਨਮੁੱਖ ਹੁੰਦਿਆਂ ਪੁਲੀਸ ਮੁਕਾਬਲੇ ਨੂੰ ਅੰਜਾਮ ਤੱਕ ਲੈ ਕੇ ਜਾਣ ਵਾਲੇ ਸੀਆਈਏ ਰਾਜਪੁਰਾ ਦੇ ਇੰਚਾਰਜ ਵਿਕਰਮ ਸਿੰਘ ਬਰਾੜ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਵਿਕਰਮ) ਅਤੇ ਵਿੱਕੀ ਦੋਵੇਂ ਸਪੋਰਟਸ ਕੋਟੇ ਵਿੱਚ ਹੋਣ ਕਰਕੇ ਇਕੱਠੇ ਖੇਡਦੇ ਤੇ ਪੜ੍ਹਦੇ ਰਹੇ ਹਨ। ਉਸ ਨੇ ਹੀ ਵਿੱਕੀ ਤੇ ਉਸ ਦੇ ਸਾਥੀਆਂ ਨੂੰ ਭਰੋਸੇ ਵਿੱਚ ਲੈ ਕੇ ਆਤਮ-ਸਮਰਪਣ ਕਰਨ ਲਈ ਮਨਾਇਆ ਸੀ, ਪਰ ਮੌਕੇ ’ਤੇ ਉਨ੍ਹਾਂ ਦਾ ਝੂਠਾ ਪੁਲੀਸ ਮੁਕਾਬਲਾ ਬਣਾ ਦਿੱਤਾ ਗਿਆ। ਵਿੱਕੀ ਦੇ ਚਾਚੇ ਜਗਦੀਸ਼ ਸਿੰਘ ਪੱਪੂ ਨੇ ਵੀ ਗੁਰਭੇਜ ਸਿੰਘ ਵੱਲੋਂ ਲਾਏ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ।
ਗੁਰਭੇਜ ਸਿੰਘ ਨੇ ਦੱਸਿਆ ਕਿ ਵਿੱਕੀ ਦੀ ਉਸ ਨਾਲ ਵਟਸਐਪ ’ਤੇ ਗੱਲ ਹੋਈ ਸੀ, ਜਿਸ ਵਿੱਚ ਉਸ ਨੇ ਕਿਹਾ ਸੀ, ‘‘ਮਾਮਾ ਜੀ ਮੈਂ ਇੰਸਪੈਕਟਰ ਵਿਕਰਮ ਸਿੰਘ ਬਰਾੜ ਜ਼ਰੀਏ ਆਤਮ ਸਮਰਪਣ ਕਰਨ ਲੱਗਿਆ ਹਾਂ ਅਤੇ ਅਸੀਂ ਉਨ੍ਹਾਂ ਨੂੰ ਮਿਲਣ ਚੱਲੇ ਹਾਂ ਅਤੇ ਉਨ੍ਹਾਂ ਦੀ ਸਾਰੀ ਗੱਲਬਾਤ ਹੋ ਚੁੱਕੀ ਹੈ।’’ ਇਸੇ ਤਰ੍ਹਾਂ ਹੀ ਪ੍ਰੇਮਾ ਲਾਹੌਰੀਆ ਦੀ ਵੀ ਆਪਣੀ ਪਤਨੀ ਨਾਲ ਗੱਲ ਹੋਈ ਸੀ ਕਿ ਉਹ ਇੰਸਪੈਕਟਰ ਵਿਕਰਮ ਰਾਹੀਂ ਆਤਮ ਸਮਰਪਣ ਕਰਕੇ ਚੰਗੇ ਨਾਗਰਿਕ ਵਾਂਗ ਜ਼ਿੰਦਗੀ ਬਸਰ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰੇਮਾ ਲਾਹੌਰੀਆ ਨੇ ਤਾਂ ਵਿਕਰਮ ਸਿੰਘ ’ਤੇ ਬੇਵਿਸ਼ਵਾਸੀ ਜਤਾ ਕੇ ਮਿਲਣ ਤੋਂ ਨਾਂਹ ਕਰ ਦਿੱਤੀ ਸੀ, ਪਰ ਵਿੱਕੀ ਨੇ ਵਿਕਰਮ ਨਾਲ ਆਪਣੀ ਗੂੜ੍ਹੀ ਯਾਰੀ ਦਾ ਭਰੋਸਾ ਦੇ ਕੇ ਉਸ ਨੂੰ ਰਾਜ਼ੀ ਕਰ ਲਿਆ ਸੀ। ਗੁਰਭੇਜ ਸਿੰਘ ਨੇ ਕਿਹਾ ਕਿ ਵਿੱਕੀ ਅਤੇ ਇੰਸਪੈਕਟਰ ਵਿਕਰਮ ਵਿਚਾਲੇ ਲਗਾਤਾਰ ਰਾਬਤਾ ਰਹਿੰਦਾ ਸੀ ਤੇ ਲਗਭਗ 7-8 ਦਿਨਾਂ ਮਗਰੋਂ ਉਨ੍ਹਾਂ ਵਿਚਾਲੇ ਗੱਲਬਾਤ ਵੀ ਹੁੰਦੀ ਰਹਿੰਦੀ ਸੀ। ਉਨ੍ਹਾਂ ਪੁਲੀਸ ਮੁਕਾਬਲੇ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੁਕਾਬਲੇ ਦੌਰਾਨ ਏਨੇ ਵੱਡੇ ਗੈਂਗਸਟਰ ਦੇ ਪੈਰਾਂ ਵਿੱਚ ਬੂਟ ਵੀ ਨਾ ਹੋਣਾ ਤੇ ਕੜਾਕੇ ਦੀ ਠੰਢ ਵਿੱਚ ਸਰੀਰ ’ਤੇ ਪਤਲੀ ਟੀ-ਸ਼ਰਟ ਹੋਣਾ ਪੁਲੀਸ ਕਾਰਵਾਈ ’ਤੇ ਸਵਾਲ ਖੜ੍ਹਾ ਕਰਦੀ ਹੈ। ਉਨ੍ਹਾਂ ਆਖਿਆ ਕਿ ਫੋਟੋਆਂ ਵਿੱਚ ਵਿੱਕੀ ਦੀ ਲਾਸ਼ ਕੋਲ ਦਿਖਾਈ ਗਈ ਪਿਸਤੌਲ ਤੇ ਗੋਲੀਆਂ ਵੱਖ-ਵੱਖ ਬੋਰ ਦੀਆਂ ਹਨ। ਉਨ੍ਹਾਂ ਆਖਿਆ ਕਿ ਰਾਜਸਥਾਨ ਪੁਲੀਸ ਨੇ ਵੀ ਇਸ ਮੁਕਾਬਲੇ ਦੀ ਸੂਚਨਾ ਕਾਫ਼ੀ ਸਮੇਂ ਬਾਅਦ ਮਿਲਣ ਦੀ ਗੱਲ ਆਖੀ ਹੈ। ਹਾਲਾਂਕਿ ਰਾਜਸਥਾਨ ਪੁਲੀਸ ਨੇ ਮਾਮਲੇ ਦੀ ਉੱਚ ਪੱਧਰੀ ਪੜਤਾਲ ਵਿੱਢ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫੋਨ ਆਉਣ ਤੋਂ ਕੁਝ ਸਮਾਂ ਬਾਅਦ ਹੀ ਟੀਵੀ ਅਤੇ ਸੋਸ਼ਲ ਮੀਡੀਆ ’ਤੇ ਉਸ ਦੇ ਮੁਕਾਬਲੇ ਦੀਆਂ ਖਬਰਾਂ ਆਉਣ ਲੱਗੀਆਂ ਸਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਪਰਿਵਾਰ ਨੇ ਮੁਕਾਬਲੇ ਦੀ ਸੱਚਾਈ ਕੱਢਣ ਲਈ ਸੀਬੀਆਈ ਪੜਤਾਲ ਦੀ ਮੰਗ ਕੀਤੀ ਹੈ।