ਅੰਮ੍ਰਿਤਸਰ/ਅਟਾਰੀ, 29 ਜਨਵਰੀ
ਗੈਂਗਸਟਰ ਵਿੱਕੀ ਗੌਂਡਰ ਨਾਲ ਬੀਤੇ ਦਿਨੀਂ ਮਾਰੇ ਗਏ ਇੱਕ ਨੌਜਵਾਨ ਦੀ ਸ਼ਨਾਖ਼ਤ ਸਵਿੰਦਰ ਸਿੰਘ (30) ਵਾਸੀ ਘਰਿੰਡਾ, ਥਾਣਾ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਇੱਥੇ ਸਰਹੱਦੀ ਪਿੰਡ ਧਨੋਏ ਖੁਰਦ ਦਾ ਰਹਿਣ ਵਾਲਾ ਸੀ।
ਜਾਣਕਾਰੀ ਮੁਤਾਬਕ ਉਹ ਪਿਛਲੇ 15 ਦਿਨਾਂ ਤੋਂ ਘਰ ਨਹੀਂ ਪਰਤਿਆ ਸੀ। ਉਹ ਵਿਆਹਿਆ ਹੋਇਆ ਹੈ। ਉਸ ਦੀ ਪਤਨੀ ਪਰਮਜੀਤ ਕੌਰ ਅਤੇ ਦੋ ਛੋਟੀਆਂ ਧੀਆਂ ਨਵਦੀਪ ਕੌਰ (6) ਅਤੇ ਅਮਨਦੀਪ ਕੌਰ (3 ਮਹੀਨੇ) ਹਨ। ਦਿਹਾਤੀ ਪੁਲੀਸ ਦੇ ਐੱਸਐੱਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਉਸ ਦੀ ਲਾਸ਼ ਅੱਜ ਦੇਰ ਸ਼ਾਮ ਇੱਥੇ ਪੁੱਜੀ ਜਿਸਦਾ  ਸਸਕਾਰ ਕਰ ਦਿੱਤਾ ਗਿਆ ਹੈ।
ਸਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲਣ ਮਗਰੋਂ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਲੋਕਾਂ ਅਨੁਸਾਰ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦੇ ਪਿਤਾ ਬਗੀਚਾ ਸਿੰਘ ਦੀ ਮੌਤ ਹੋ ਚੁੱਕੀ ਹੈ। ਉਸ ਦਾ ਇੱਕ ਭਰਾ ਅਤੇ ਇੱਕ ਭੈਣ ਹੈ, ਜੋ ਵਿਆਹੀ ਹੋਈ ਹੈ। ਪਰਿਵਾਰ ਵੱਲੋਂ ਮੁੱਖ ਤੌਰ ’ਤੇ ਖੇਤੀਬਾੜੀ ਕੀਤੀ ਜਾਂਦੀ ਹੈ। ਪੁਲੀਸ ਰਿਕਾਰਡ ਮੁਤਾਬਕ ਉਸ ਖ਼ਿਲਾਫ਼ ਹੁਣ ਤੱਕ ਕੋਈ ਵੀ ਕੇਸ ਦਰਜ ਨਹੀਂ ਹੈ।

ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਮਿਲੀ ਸੂਚਨਾ

ਲੰਬੀ : ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਪੁਲੀਸ ਮੁਕਾਬਲੇ ਵਿੱਚ ਬੀਤੇ ਪਰਸੋਂ ਹਿੰਦੂਮਲ ਕੋਟ ਨੇੜੇ ਇੱਕ ਢਾਣੀ ਵਿੱਚ ਪੁਲੀਸ ਮੁਕਾਬਲੇ ਮਗਰੋਂ ਤੀਜੇ ਮ੍ਰਿਤਕ ਨੂੰ ‘ਬੁੱਢਾ’ ਦੱਸਿਆ ਜਾ ਰਿਹਾ ਸੀ। ਸਵਿੰਦਰ ਸਿੰਘ ਦੀ ਪੁਲੀਸ ਮੁਕਾਬਲੇ ਵਿੱਚ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਟੀਵੀ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਫੋਟੋਆਂ ਤੋਂ ਸੂਚਨਾ ਮਿਲੀ। ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਦਸ ਦਿਨ ਪਹਿਲਾਂ ਘਰੋਂ ਗਿਆ ਸੀ। ਅੱਜ ਗੰਗਾਨਗਰ ਪੁਲੀਸ ਨੇ ਪੋਸਟਮਾਰਟਮ ਅਤੇ ਕਾਨੂੰਨੀ ਕਾਰਵਾਈ ਉਪਰੰਤ ਸਵਿੰਦਰ ਸਿੰਘ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ। ਗੰਗਾਨਗਰ ਪੁਲੀਸ ਨੇ ਤੀਜੇ ਵਿਅਕਤੀ ਦੇ ਸਵਿੰਦਰ ਸਿੰਘ ਹੋਣ ਦੀ ਪੁਸ਼ਟੀ ਕੀਤੀ ਹੈ। ਸਵਿੰਦਰ ਸਿੰਘ ਦੇ ਪਰਿਵਾਰ ਨੂੰ ਉਸ ਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਚਿੱਤ-ਚੇਤਾ ਵੀ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪੈਸੇ ਕਮਾਉਣ ਦੀ ਚਾਹਤ ਵਿੱਚ ਗੈਂਗਸਟਰਾਂ ਦੇ ਚੱਕਰ ’ਚ ਫਸ ਕੇ ਪੁਲੀਸ ਮੁਕਾਬਲੇ ਵਿੱਚ ਜਾਨ ਗੁਆ ਬੈਠਾ।