ਪਟਿਆਲਾ, 21 ਦਸੰਬਰ
ਨਾਭਾ ਜੇਲ੍ਹ ਵਿੱਚੋਂ ਫਰਾਰ ਗੈਂਗਸਟਰ ਵਿੱਕੀ ਗੌਂਡਰ ਦਾ ਨਜ਼ਦੀਕੀ ਸਾਥੀ ਇੰਦਰਜੀਤ ਸੰਧੂ ਵਾਸੀ  ਸੰਗਤਪੁਰ (ਤਰਨ ਤਾਰਨ) ਪਟਿਆਲਾ ਪੁਲੀਸ ਦੇ ਹੱਥ ਲੱਗ ਗਿਆ ਹੈ| ਉਹ ਜੇਲ੍ਹ ਕਾਂਡ ਵੇਲੇ ਗੈਂਗਸਟਰਾਂ ਦਾ ਮਦਦਗਾਰ ਰਿਹਾ ਅਤੇ ਹੁਣ ਵਿੱਕੀ ਗੌਂਡਰ ਦਾ ਫੇਸਬੁੱਕ ਖਾਤਾ ਚਲਾ ਰਿਹਾ ਸੀ| ਪਟਿਆਲਾ ਪੁਲੀਸ ਵੱਲੋਂ ਪਿਛਲੇ ਦਿਨੀਂ ਜਾਰੀ ਲੁੱਕ ਆਊਟ ਸਰਕੂਲਰ (ਐਲ.ਓ.ਸੀ.) ਜ਼ਰੀਏ ਉਹ ਦਿੱਲੀ ਹਵਾਈ ਅੱਡੇ ਉਤੇ ਉਦੋਂ ਫੜਿਆ ਗਿਆ, ਜਦੋਂ ਫ਼ਰਜ਼ੀ ਪਾਸਪੋਰਟ ’ਤੇ ਜੌਰਡਨ ਤੋਂ ਪਰਤ ਰਿਹਾ ਸੀ| ਦਿੱਲੀ ਪੁਲੀਸ ਦੀ ਪੁੱਛ-ਪੜਤਾਲ ਪੂਰੀ ਹੋਣ ’ਤੇ ਉਸ ਨੂੰ ਸੀਆਈਏ ਸਟਾਫ਼ ਪਟਿਆਲਾ 2 ਦੇ ਇੰਚਾਰਜ ਬਿਕਰਮਜੀਤ ਬਰਾੜ ਦੀ ਅਗਵਾਈ ਹੇਠਲੀ ਟੀਮ ਪਟਿਆਲਾ ਲਿਆਈ। ਹੁਣ ਉਸ ਤੋਂ ਪਟਿਆਲਾ ਪੁਲੀਸ ਪੁੱਛ-ਪੜਤਾਲ ਕਰ ਰਹੀ ਹੈ|
ਪਟਿਆਲਾ ਦੇ ਐਸ.ਪੀ. (ਇਨਵੈਸਟੀਗੇਸ਼ਨ) ਹਰਵਿੰਦਰ ਵਿਰਕ ਮੁਤਾਬਕ ਸੰਧੂ ਖ਼ਿਲਾਫ਼ 23 ਅਕਤੂਬਰ ਨੂੰ ਆਈਪੀਸੀ ਦੀ ਧਾਰਾ 392, 382, 384, 506, 148, 149 ਤੇ 120-ਬੀ, ਐਨਡੀਪੀਐਸ. ਐਕਟ ਅਤੇ  ਅਸਲਾ ਐਕਟ ਤਹਿਤ ਥਾਣਾ ਸਦਰ ਰਾਜਪੁਰਾ ਵਿੱਚ ਦਰਜ ਕੇਸ ਤਹਿਤ ਹੀ ਪਟਿਆਲਾ ਪੁਲੀਸ ਵੱਲੋਂ ਲੁੱਕ ਆਊਟ ਸਰਕੂਲਰ ਜਾਰੀ ਕਰਵਾਇਆ ਗਿਆ ਸੀ। ਹੁਣ ਉਹ ਗੁਰਜੰਟ ਸਿੰਘ ਦੇ ਜਾਅਲੀ ਪਾਸਪੋਰਟ ’ਤੇ ਜੌਰਡਨ ਤੋਂ ਦਿੱਲੀ ਆਇਆ ਸੀ| ਇੰਦਰਜੀਤ ਸੰਧੂ ਨੇ ਜੇਲ੍ਹ  ਕਾਂਡ ਤੋਂ  ਬਾਅਦ ਵੀ ਮੁਲਜ਼ਮਾਂ ਲਈ ਰਹਿਣ, ਫੰਡ ਤੇ ਹੋਰ ਸਾਜ਼ੋ-ਸਾਮਾਨ ਦੇ ਪ੍ਰਬੰਧ ਕੀਤੇ ਅਤੇ ਹੁਣ ਵੀ ਉਹ ਵਿੱਕੀ ਗੌਂਡਰ ਅਤੇ ਸ਼ੇਰਾ ਖੁੱਬਣ ਗਰੁੱਪ ਦੇ ਨਾਮ ’ਤੇ ਬਣਾਈ ਫੇਸਬੁੱਕ ਆਈ.ਡੀ. ਵਰਤਦਿਆਂ ਧਮਕੀਆਂ ਦੇ ਰਿਹਾ ਸੀ|ਤਫ਼ਤੀਸ਼ੀ ਅਫ਼ਸਰ ਬਿਕਰਮਜੀਤ ਬਰਾੜ ਨੇ ਦੱਸਿਆ ਕਿ ਇੰਦਰਜੀਤ ਸੰਧੂ ਦਾ ਤਿੰਨ ਦਿਨਾ ਪੁਲੀਸ ਰਿਮਾਂਡ ਹਾਸਲ ਕਰ ਕੇ ਪੁੱਛ-ਪੜਤਾਲ ਕੀਤੀ  ਜਾ ਰਹੀ ਹੈ|