ਫਰੀਦਕੋਟ, ਪੰਜਾਬ ਦੇ ਡੀਜੀਪੀ ਸੁਰੇਸ਼ ਕੁਮਾਰ ਅਰੋੜਾ ਨੇ 26 ਜਨਵਰੀ ਨੂੰ ਅਬੋਹਰ ਨੇੜੇ ਵਿੱਕੀ ਗੌਂਡਰ ਤੇ ਉਸ ਦੇ ਦੋ ਹੋਰ ਸਾਥੀਆਂ ਨਾਲ ਪੁਲੀਸ ਮੁਕਾਬਲੇ ਦੌਰਾਨ ਜ਼ਖ਼ਮੀ ਹੋਏ ਦੋ ਪੁਲੀਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਣ ਲਈ ਅੱਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾ ਦੌਰਾ ਕੀਤਾ।
ਇੱਥੇ ਡੀਜੀਪੀ ਨੇ ਪੁਲੀਸ ਮੁਲਾਜ਼ਮਾਂ ਪਵਿੱਤਰ ਸਿੰਘ ਅਤੇ ਬਲਵਿੰਦਰ ਸਿੰਘ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਵੱਲੋਂ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਮਾਰਨ ਵਿੱਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿੱਕੀ ਗੌਂਡਰ ਨਾਲ ਹੋਏ ਮੁਕਾਬਲੇ ਨੂੰ ਝੂਠਾ ਪੁਲੀਸ ਮੁਕਾਬਲਾ ਦੱਸਣ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਪੰਜਾਬ ਦੀ ਅਮਨ-ਸ਼ਾਂਤੀ ਲਈ ਵੱਡਾ ਖ਼ਤਰਾ ਹਨ ਤੇ ਸੂਬੇ ਦੀ ਸ਼ਾਂਤੀ ਕਿਸੇ ਵੀ ਕੀਮਤ ’ਤੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਜਿਸ ਵਿਸ਼ੇਸ਼ ਟੀਮ ਨੇ ਗੈਂਗਸਟਰਾਂ ਨਾਲ ਮੁਕਾਬਲਾ ਕੀਤਾ ਹੈ, ਉਸ ਕੋਲ ਗੈਂਗਸਟਰਾਂ ਬਾਰੇ ਪੂਰੀ ਜਾਣਕਾਰੀ ਸੀ। ਉਨ੍ਹਾਂ ਵਿਸ਼ਵਾਸਘਾਤ ਵਰਗੇ ਦੋਸ਼ਾਂ ਦਾ ਸਿਰੇ ਤੋਂ ਖੰਡਨ ਕਰਦਿਆਂ ਕਿਹਾ ਕਿ ਵਿੱਕੀ ਗੌਂਡਰ ਵਰਗੇ ਹੋਰ ਨੌਂ ਗੈਂਗਸਟਰ ਪੰਜਾਬ ਵਿੱਚ ਸਰਗਰਮ ਹਨ।
ਡੀਜੀਪੀ ਨੇ ਜੈਤੋ ਦੇ ਡੀਐੱਸਪੀ ਬਲਜਿੰਦਰ ਸਿੰਘ ਅਤੇ ਉਸ ਦੇ ਗੰਨਮੈਨ ਲਾਲ ਸਿੰਘ ਦੀ ਹੋਈ ਮੌਤ ਨੂੰ ਬੇਹੱਦ ਮੰਦਭਾਗਾ ਦੱਸਿਆ। ਉਹ ਗੰਨਮੈਨ ਲਾਲ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਹੋਏ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸਮੁੱਚੇ ਪੁਲੀਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਡੀਜੀਪੀ ਨੇ ਕਿਹਾ ਕਿ ਬਲਜਿੰਦਰ ਸਿੰਘ ਅਤੇ ਲਾਲ ਸਿੰਘ ਦੀ ਮੌਤ ਨਾਲ ਪੁਲੀਸ ਵਿਭਾਗ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲੀਸ ਆਪਣੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੇਵੇਗੀ, ਜਿਸ ਵਿੱਚ ਦਬਾਅ ਦੌਰਾਨ ਸਥਿਤੀ ਕਾਬੂ ਕਰਨ ਬਾਰੇ ਸਿਖਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਆਈਜੀ ਮੁਖਵਿੰਦਰ ਸਿੰਘ ਛੀਨਾ, ਏਆਈਜੀ ਗੁਰਮੀਤ ਸਿੰਘ ਚੌਹਾਨ ਤੇ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਵੀ ਹਾਜ਼ਰ ਸਨ।