ਲੰਡਨ, 6 ਜੁਲਾਈ
ਵਿਸ਼ਵ ਦਾ ਨੰਬਰ ਇਕ ਖਿਡਾਰੀ ਸਪੇਨ ਦਾ ਰਾਫ਼ੇਲ ਨਡਾਲ ਤੇ ਸਾਬਕਾ ਨੰਬਰ ਇਕ ਸਰਬੀਆ ਦਾ ਨੋਵਾਕ ਜੋਕੋਵਿਚ ਅੱਜ ਲਗਾਤਾਰ ਸੈੱਟਾਂ ਵਿੱਚ ਜਿੱਤ ਦਰਜ ਕਰਦਿਆਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਗੇੜ ’ਚ ਦਾਖ਼ਲ ਹੋ ਗਏ ਹਨ। ਇਸ ਦੌਰਾਨ ਪੁਰਸ਼ ਵਰਗ ’ਚ ਦੋ ਵੱਡੇ ਉਲਟਫੇਰਾਂ ਨਾਲ ਤੀਜਾ ਦਰਜਾ ਕ੍ਰੋਏਸ਼ੀਆ ਦਾ ਮਾਰਿਨ ਸਿਲਿਚ ਤੇ ਤਿੰਨ ਵਾਰ ਦਾ ਗਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦਾ ਸਟੇਨਿਸਲਾਸ ਵਾਵਰਿੰਕਾ ਆਪੋ ਆਪਣੇ ਮੁਕਾਬਲੇ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਏ। ਮਹਿਲਾ ਵਰਗ ਵਿੱਚ ਸਾਬਕਾ ਫਾਈਨਲਿਸਟ ਕੈਨੇਡਾ ਦਾ ਯੁਜਿਨੀ ਬੁਕਾਰਡ ਐਸ਼ਲੇ ਬਾਰਟੀ ਹੱਥੋਂ ਮਾਤ ਖਾ ਗਈ।
ਦੂਜਾ ਦਰਜਾ ਪ੍ਰਾਪਤ ਤੇ ਦੋ ਵਾਰ ਦੇ ਚੈਂਪੀਅਨ ਨਡਾਲ ਨੇ ਕਜ਼ਾਕਿਸਤਾਨ ਦੇ ਮਿਖਾਇਲ ਕੁਕੁਸ਼ਕਿਨ ਨੂੰ 6-4, 6-3, 6-4 ਦੀ ਸ਼ਿਕਸਤ ਦਿੱਤੀ। ਤੀਜੇ ਦੌਰ ’ਚ ਸਪੈਨਿਸ਼ ਖਿਡਾਰੀ ਦਾ ਟਾਕਰਾ ਆਸਟਰੇਲੀਆ ਦੇ ਐਲਕਸ ਡੀ ਮਿਨੌਰ ਨਾਲ ਹੋਵੇਗਾ। ਵਾਪਸੀ ਦੀਆਂ ਕੋਸ਼ਿਸ਼ਾਂ ’ਚ ਜੁਟੇ ਜੋਕੋਵਿਚ ਨੇ ਅਰਜਨਟੀਨਾ ਦੇ ਹੋਰਾਸਿਓ ਜੇਬਾਲੋਸ ਨੂੰ 6-1, 6-2, 6-3 ਨਾਲ ਬਾਹਰ ਦਾ ਰਾਹ ਵਿਖਾਇਆ। ਉਧਰ ਸਭ ਤੋਂ ਵੱਡੇ ਉਲਟਫੇਰ ਵਿੱਚ ਸਾਬਕਾ ਉਪ ਜੇਤੂ ਸਿਲਿਚ 82ਵੀਂ ਦਰਜਾਬੰਦੀ ਵਾਲੇ ਅਰਜਨਟੀਨਾ ਦੇ ਗੁਇਡੋ ਪੇਲਾ ਹੱਥੋਂ 3-6, 1-6, 6-4, 7-6, 7-5 ਨਾਲ ਮਾਤ ਖਾ ਗਿਆ। ਸਿਲਿਚ ਇਸ ਤੋਂ ਪਹਿਲਾਂ ਸਾਲ 2013 ਵਿੱਚ ਦੂਜੇ ਦੌਰ ’ਚੋਂ ਬਾਹਰ ਹੋਇਆ ਸੀ। ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਵਾਵਰਿੰਕਾ ਇਟਲੀ ਦੇ ਥੌਮਸ ਫੇਬਿਆਨੋ ਨੈ 7-6, 6-3, 7-6 ਨਾਲ ਹਰਾਇਆ।
-ਪੀਟੀਆਈ

ਸ਼ਰਣ ਤੇ ਸਿਤਾਕ ਦੀ ਜੋੜੀ ਦੂਜੇ ਦੌਰ ’ਚ ਪੁੱਜੇ
ਲੰਡਨ: ਭਾਰਤ ਦਾ ਦਿਵਿਜ ਸ਼ਰਣ ਤੇ ਉਸ ਦਾ ਨਿਊਜ਼ੀਲੈਂਡ ਦਾ ਜੋੜੀਦਾਰ ਆਰਤੇਮ ਸਿਤਾਕ ਅੱਜ ਇਥੇ ਵਿੰਬਲਡਨ ਚੈਂਪੀਅਨਸ਼ਿਪ ਵਿੱਚ ਜਿੱਤ ਨਾਲ ਸ਼ੁਰੂਆਤ ਕਰਦਿਆਂ ਦੂਜੇ ਗੇੜ ’ਚ ਦਾਖ਼ਲ ਹੋ ਗਏ। ਉਨ੍ਹਾਂ ਰਾਡੂ ਐਲਬੋ ਤੇ ਮਾਲੇਕ ਜਾਜਿਰੀ ਦੀ ਜੋੜੀ ਨੂੰ ਦੋ ਘੰਟੇ 41 ਮਿੰਟ ਤਕ ਚੱਲੇ ਮੁਕਾਬਲੇ ਵਿੱਚ 7-6, 6-7, 6-3, 6-2 ਨਾਲ ਸ਼ਿਕਸਤ ਦਿੰਦਿਆਂ ਦੂਜੇ ਗੇੜ ’ਚ ਥਾਂ ਪੱਕੀ ਕਰ ਲਈ।