ਬਠਿੰਡਾ, 7 ਅਪਰੈਲ
ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸਾਖੀ ਕਾਨਫ਼ਰੰਸਾਂ ’ਤੇ ਸਿਆਸੀ ਨੇਤਾਵਾਂ ਨੂੰ ਨਿੱਜੀ ਕਿੜਾਂ ਕੱਢਣ ਤੋਂ ਖ਼ਬਰਦਾਰ ਕੀਤਾ ਹੈ। ਵਿਸਾਖੀ ਦਿਹਾੜੇ ਦੇ ਮੱਦੇਨਜ਼ਰ ਦਮਦਮਾ ਸਾਹਿਬ ਵਿਖੇ ਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਇਸ ਵਾਰ ਕੈਪਟਨ ਸਰਕਾਰ ਨੇ ਇੱਕ ਵਰ੍ਹਾ ਪੂਰਾ ਕਰਨ ਮਗਰੋਂ ਦਮਦਮਾ ਸਾਹਿਬ ਵਿਖੇ ਪਹਿਲੀ ਕਾਨਫ਼ਰੰਸ ਕਰਨੀ ਹੈ ਤੇ ਉੱਧਰ, ਸ਼੍ਰੋਮਣੀ ਅਕਾਲੀ ਦਲ ਵੀ ਪੱਬਾਂ ਭਾਰ ਹੈ। ਇਸ ਕਾਰਨ ਸਿਆਸੀ ਕਾਨਫ਼ਰੰਸਾਂ ਵਿੱਚ ਸਿਆਸੀ ਸ਼ਰੀਕ ਭਿੜ ਸਕਦੇ ਹਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਐਤਕੀਂ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਤੀ ਕੁਝ ਨਰਮ ਦਿਸ ਰਹੀ ਹੈ, ਕਿਉਂਕਿ ਪਿਛਲੀ ਵਿਸਾਖੀ ’ਤੇ ਸ਼੍ਰੋਮਣੀ ਕਮੇਟੀ ਨੇ ਭਾਈ ਦਾਦੂਵਾਲ ਨੂੰ ਪੱਲਾ ਨਹੀਂ ਫੜਾਇਆ ਸੀ।     ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਸਾਖੀ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪਵਿੱਤਰ ਦਿਹਾੜਾ ਹੈ, ਜਿਸ ਨੂੰ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਮਨਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ਸਿਆਸੀ ਕਾਨਫ਼ਰੰਸਾਂ ਵਿੱਚ ਲੀਡਰ ਨੀਵੇਂ ਪੱਧਰ ਦੀ ਭਾਸ਼ਾ ਨਾ ਵਰਤਣ ਤੇ ਇੱਕ-ਦੂਜੇ ’ਤੇ ਨਿੱਜੀ ਹਮਲੇ ਕਰਨ ਤੋਂ ਗੁਰੇਜ਼ ਕਰਨ। ਜਥੇਦਾਰ ਨੇ ਆਖਿਆ ਕਿ ਵਿਸਾਖੀ ਦੇ ਦਿਹਾੜੇ ’ਤੇ ਲੋਕ ਇਕੱਲੀਆਂ ਕਾਨਫ਼ਰੰਸਾਂ ਸੁਣਨ ਨਹੀਂ ਆਉਂਦੇ, ਬਲਕਿ ਆਪਣੀ ਸ਼ਰਧਾ ਵਜੋਂ ਆਉਂਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਆਖਿਆ ਕਿ ਹਰ ਨੇਤਾ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਜ਼ਰੂਰ ਆਉਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਬਹੁਤੇ ਸਿਆਸੀ ਆਗੂ ਕਾਨਫ਼ਰੰਸਾਂ ’ਚੋਂ ਹੀ ਵਾਪਸ ਮੁੜ ਜਾਂਦੇ ਹਨ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਕਰੀਬ ਦੋ ਦਰਜਨ ਸੰਸਥਾਵਾਂ ਨੂੰ ਲੰਗਰਾਂ ਅਤੇ ਛਬੀਲਾਂ ਆਦਿ ਲਈ ਜਗ੍ਹਾ ਅਲਾਟ ਕਰ ਦਿੱਤੀ ਹੈ। ਬਹੁਜਨ ਸਮਾਜ ਪਾਰਟੀ ਅਤੇ ਜਨ ਸ਼ਕਤੀ ਪਾਰਟੀ ਨੇ ਜਗ੍ਹਾ ਲੈਣ ਲਈ ਦਰਖ਼ਾਸਤ ਦਿੱਤੀ ਹੋਈ ਹੈ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ 4 ਅਪਰੈਲ ਨੂੰ ਜਗ੍ਹਾ ਵਾਸਤੇ ਦਰਖ਼ਾਸਤ ਦਿੱਤੀ ਹੈ। ਭਾਈ ਦਾਦੂਵਾਲ ਨੇ ਵੀ ਆਖਿਆ ਕਿ ਸਿਆਸੀ ਲੀਡਰ ਵਿਸਾਖੀ ਦਿਹਾੜੇ ਨੂੰ ਸਿਆਸੀ ਕਿੜ ਕੱਢਣ ਲਈ ਨਾ ਵਰਤਣ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਐਤਕੀਂ ਜਗ੍ਹਾ ਦੇਣ ਵਿੱਚ ਫਿਲਹਾਲ ਕੋਈ ਅੜਿੱਕਾ ਨਹੀਂ ਲਾ ਰਹੀ ਹੈ।

ਅਰਜ਼ੀਆਂ ਦੇਣ ਵਾਲਿਆਂ ਨੂੰ ਜਗ੍ਹਾ ਅਲਾਟ ਕੀਤੀ

ਤਖ਼ਤ ਦਮਦਮਾ ਸਾਹਿਬ ਦੇ ਮੈਨੇਜਰ ਕਰਨ ਸਿੰਘ ਨੇ ਦੱਸਿਆ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਜਗ੍ਹਾ ਲੈਣ ਵਾਸਤੇ ਅਰਜ਼ੀ ਤਾਂ ਦਿੱਤੀ ਹੈ, ਪਰ ਅਲਾਟਮੈਂਟ ਮੌਕੇ ਉਨ੍ਹਾਂ ਦਾ ਕੋਈ ਨੁਮਾਇੰਦਾ ਹਾਜ਼ਰ ਨਹੀਂ ਹੋਇਆ ਹੈ। ਬਾਕੀ ਸੰਸਥਾਵਾਂ ਨੂੰ ਲੰਗਰ ਤੇ ਛਬੀਲਾਂ ਆਦਿ ਲਈ ਜਗ੍ਹਾ ਅਲਾਟ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਠੇਕੇਦਾਰ ਨੂੰ ਝੂਲੇ ਆਦਿ ਲਾਉਣ ਵਾਸਤੇ ਜਗ੍ਹਾ ਸਾਲ ਭਰ ਲਈ 1.02 ਕਰੋੜ ਵਿੱਚ ਦਿੱਤੀ ਹੈ, ਜਦੋਂਕਿ ਪਿਛਲੇ ਸਾਲ ਇਹ ਠੇਕਾ 1.01 ਕਰੋੜ ਰੁਪਏ ਵਿੱਚ ਸੀ।