ਚੰਡੀਗੜ੍ਹ, 24 ਜਨਵਰੀ
ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਦਨ ਦੀ ਮਰਿਆਦਾ ਦੀ ਉਲੰਘਣਾ ਦੇ ਮਾਮਲੇ ਵਿੱਚ 6 ਫਰਵਰੀ ਨੂੰ ਤਲਬ ਕਰ ਲਿਆ ਹੈ। ਸੂਤਰਾਂ ਅਨੁਸਾਰ ਅੱਜ ਇਥੇ ਵਿਸ਼ੇਸ਼ ਅਧਿਕਾਰ ਕਮੇਟੀ ਦੀ ਮੀਟਿੰਗ ਵਿੱਚ ਇਨ੍ਹਾਂ ਦੋਵੇਂ ਆਗੂਆਂ ਖ਼ਿਲਾਫ਼ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤਿਆਂ ’ਤੇ ਵਿਚਾਰ ਕਰਨ ਬਾਅਦ ਇਨ੍ਹਾਂ ਨੂੰ ਛੇ ਫਰਵਰੀ ਨੂੰ ਤਲਬ ਕਰਨ ਦਾ ਫੈ਼ਸਲਾ ਕੀਤਾ ਗਿਆ। ਸ੍ਰੀ ਬਾਦਲ ਅਤੇ ਸ੍ਰੀ ਬੈਂਸ ਖ਼ਿਲਾਫ਼ ਮਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਪੇਸ਼ ਕੀਤੇ ਸਨ।
ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਪਿਛਲੇ ਸਾਲ ਜੂਨ ਮਹੀਨੇ ’ਚ ਹੋਏ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਕਾਫੀ ਰੌਲਾ-ਰੱਪਾ ਪਾਇਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪੀਕਰ ਖ਼ਿਲਾਫ਼ ਸਖ਼ਤ ਟਿੱਪਣੀਆਂ ਕੀਤੀਆਂ ਸਨ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ 22 ਜੂਨ ਨੂੰ ਸੁਖਬੀਰ ਖ਼ਿਲਾਫ਼ ਮਰਿਆਦਾ ਮਤਾ ਪੇਸ਼ ਕੀਤਾ ਸੀ, ਜੋ ਬਹਿਸ ਬਾਅਦ ਸਦਨ ਨੇ ਪਾਸ ਕਰ ਦਿੱਤਾ ਸੀ ਅਤੇ ਸਪੀਕਰ ਨੇ ਇਹ ਮਾਮਲਾ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਸੀ। ਵਿਸ਼ੇਸ਼ ਅਧਿਕਾਰੀ ਕਮੇਟੀ ਸ੍ਰੀ ਬਾਦਲ ਨੂੰ ਪਹਿਲਾਂ ਤਲਬ ਕਰਨਾ ਚਾਹੁੰਦੀ ਸੀ ਪਰ ਮੁੱਖ ਮੰਤਰੀ ਦੇ ਕਹਿਣ ’ਤੇ ਇਹ ਅੱਗੇ ਪਾ ਦਿੱਤਾ ਗਿਆ। ਸੂਤਰਾਂ ਮੁਤਾਬਕ ਵਿਸ਼ੇਸ਼ ਅਧਿਕਾਰ ਕਮੇਟੀ ਨੇ ਬਾਘਾਪੁਰਾਣਾ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਸ਼ਿਕਾਇਤ ’ਤੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ ਅਤੇ ਇਹ ਮਾਮਲਾ ਕਾਰਵਾਈ ਲਈ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜ ਦਿੱਤਾ ਗਿਆ ਹੈ।
ਕਮੇਟੀ ਨੇ ਸਿਫ਼ਾਰਿਸ਼ ਕੀਤੀ ਹੈ ਕਿ ਮੋਗਾ ਦੇ ਡੀਸੀ ਨੂੰ ਕਿਸੇ ਜਨਤਕ ਸੰਪਰਕ ਵਾਲੇ ਅਹੁਦੇ ’ਤੇ ਨਾ ਲਾਇਆ ਜਾਵੇ ਕਿਉਂਕਿ ਉਸ ਨੇ ਵਿਧਾਇਕ ਦਾ ਅਪਮਾਨ ਕੀਤਾ ਹੈ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ ਵੀ ਉਸ ਦਾ ਵਿਵਹਾਰ ਠੀਕ ਨਹੀਂ ਸੀ। ਉਸ ਦੀ ਆਈਏਐਸ ਸਿਖਲਾਈ ਕੇਂਦਰ ਤੋਂ ਮੁੜ ਸਿਖਲਾਈ ਕਰਾਈ ਜਾਵੇ।
ਦੱਸਣਯੋਗ ਹੈ ਕਿ ਵਿਧਾਇਕ ਬਰਾੜ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਡਿਪਟੀ ਕਮਿਸ਼ਨਰ ਨੂੰ ਮਿਲਣ ਗਏ ਤਾਂ ਡੀਸੀ ਨੇ ਉਨ੍ਹਾਂ ਨੂੰ ਅੱਧਾ ਘੰਟਾ ਆਪਣੇ ਦਫ਼ਤਰ ਬਾਹਰ ਬੈਠਾਈ ਰੱਖਿਆ ਸੀ।