ਗਲਾਸਗੋ, 23 ਅਗਸਤ
ਸਿੰਗਾਪੁਰ ਓਪਨ ਚੈਂਪੀਅਨ ਬੀ ਸਾਈ ਪ੍ਰਣੀਤ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਅੱਜ ਇੱਥੇ ਆਪਣੀ ਮੁਹਿੰਮ ਦੀ ਸ਼ੁਰੂਆਤ ਹਾਂਗਕਾਂਗ ਦੇ ਵੇਈ ਨਾਨ ਖ਼ਿਲਾਫ਼ ਸਿੱਧੀ ਗੇਮ ’ਚ ਜਿੱਤ ਨਾਲ ਪੁਰਸ਼ ਸਿੰਗਲ ਦੇ ਦੂਜੇ ਦੌਰ ’ਚ ਥਾਂ ਬਣਾ ਕੇ ਕੀਤੀ।
ਪੰਦਰਵਾਂ ਦਰਜਾ ਭਾਰਤੀ ਖਿਡਾਰੀ ਪ੍ਰਣੀਤ ਨੇ ਪਹਿਲੀ ਗੇਮ ’ਚ 5-9 ਅਤੇ 14-16 ਜਦਕਿ ਦੂਜੀ ਗੇਮ ’ਚ 10-13 ਤੇ 15-17 ਨਾਲ ਪਛੜਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਵੇਈ ਨਾਨ ਨੂੰ 48 ਮਿੰਟ ਚੱਲੇ ਮੁਕਾਬਲੇ ’ਚ 21-18, 21-17 ਨਾਲ ਹਰਾਇਆ। ਹੈਦਰਾਬਾਦ ਦਾ ਇਹ 25 ਸਾਲਾ ਖਿਡਾਰੀ ਅਗਲੇ ਦੌਰ ’ਚ ਇੰਡੋਨੇਸ਼ੀਆ ਦੇ ਐਂਥੋਨੀ ਸਿਨੀਸੁਕਾ ਗਿਨਟਿੰਗ ਨਾਲ ਭਿੜੇਗਾ ਜੋ 2014 ਨਾਨਜਿੰਗ ਨੌਜਵਾਨ ਓਲੰਪਿਕਸ ਤੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਲੜਕਿਆਂ ਤੇ ਸਿੰਗਲ ਵਰਗ ਦਾ ਕਾਂਸੀ ਤਗ਼ਮਾ ਜੇਤੂ ਹੈ। ਗਿਨਟਿੰਗ ਨੇ ਪੋਲੈਂਡ ਦੇ ਮਾਤੇਯੂਜ ਡੁਬੋਵਸਕੀ ਨੂੰ 21-12, 21-14 ਨਾਲ ਹਰਾਇਆ।
ਸੈਯਦ ਮੋਦੀ ਗ੍ਰਾਂ ਪ੍ਰੀ ਗੋਲਫ ਦਾ ਖ਼ਿਤਾਬ ਜਿੱਤਣ ਵਾਲੇ ਪ੍ਰਣਵ ਜੈਰੀ ਚੋਪੜਾ ਤੇ ਐਨ ਸਿੱਕੀ ਰੈੱਡੀ ਦੀ ਭਾਰਤੀ ਦੀ ਸਿਖਰਲੀ ਮਿਕਸਡ ਜੋੜੀ ਨੇ ਭਾਰਤ ਦੀ ਪ੍ਰਾਜਕਤਾ ਸਾਵੰਤ ਤੇ ਮਲੇਸ਼ੀਆ ਦੇ ਯੋਗੇਂਦਰਨ ਕ੍ਰਿਸ਼ਣਨ ਦੀ ਜੋੜੀ ਨੂੰ ਸਿੱਧੀ ਗੇਮ ’ਚ 21-12, 21-19 ਨਾਲ ਹਰਾਇਆ। ਮਿਕਸਡ ਡਬਲਜ਼ ਦੇ ਹੋਰਨਾਂ ਮੈਚਾਂ ’ਚ ਹਾਲਾਂਕਿ ਭਾਰਤ ਦੇ ਹੱਥ ਨਿਰਾਸ਼ਾ ਹੀ ਲੱਗੀ ਜਦੋਂ ਬੀ ਸੁਮਿਤ ਰੈੱਡੀ ਤੇ ਅਸ਼ਵਨੀ ਪੋਨੱਪਾ ਤੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਮਨੀਸ਼ਾ ਕੇ ਦੀਆਂ ਜੋੜੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਸੁਮਿਤ ਤੇ ਅਸ਼ਵਿਨੀ ਨੂੰ ਵਾਂਗ ਯਿਲਯੂ ਤੇ ਹੁਆਂਗ ਡੌਂਗਪਿੰਗ ਦੀ ਚੀਨ ਦੀ 13ਵਾਂ ਦਰਜਾ ਜੋੜੀ ਖ਼ਿਲਾਫ਼ 17-21, 21-18, 5-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਤਵਿਕਸਾਈਰਾਜ ਤੇ ਮਨੀਸ਼ਾ ਦੀ ਜੋੜੀ ਨੂੰ ਮਾਥਿਆਸ ਕ੍ਰਿਸਟੇਨਸਨ ਤੇ ਸਾਰਾ ਥਿਗੇਨਸਨ ਦੀ ਡੈਨਮਾਰਕ ਦੀ 14ਵਾਂ ਦਰਜਾ ਜੋੜੀ ਨੇ 22-2, 21-18 ਨਾਲ ਹਰਾਇਆ। ਮਹਿਲਾ ਸਿੰਗਲ ’ਚ ਕੌਮੀ ਚੈਂਪੀਅਨ ਰਿਤੂਪਰਣਾ ਦਾਸ ਵੀ ਦੂਜੇ ਦੌਰ ’ਚ ਥਾਂ ਬਣਾਉਣ ’ਚ ਕਾਮਯਾਬ ਰਹੀ ਜਦ ਪਹਿਲੇ ਦੌਰ ਦੀ ਉਸ ਦੀ ਵਿਰੋਧੀ ਖਿਡਾਰਨ ਫਿਨਲੈਂਡ ਦੀ ਐਰੀ ਮਿਕੇਲਾ ਪਹਿਲੀ ਗੇਮ ’ਚ 0-2 ਨਾਲ ਪਛੜਲ ਮਗਰੋਂ ਮੈਚ ਤੋਂ ਹੱਟ ਗਈ।