ਚੰਡੀਗੜ੍ਹ, 7 ਜੂਨ
ਪੰਜਾਬ ਸਰਕਾਰ ਦੀ ਖੇਤੀ, ਪਾਣੀ ਅਤੇ ਬਿਜਲੀ ਸਬੰਧੀ ਸਮੱਸਿਆਵਾਂ ਬਾਰੇ ਪਹੁੰਚ ਦੀ ਸ਼ਲਾਘਾ ਕਰਦਿਆਂ ਵਿਸ਼ਵ ਬੈਂਕ ਨੇ ਇਨ੍ਹਾਂ ਖੇਤਰਾਂ ਵਿੱਚ ਸੂਬੇ ਦੇ ਪ੍ਰੋਜੈਕਟਾਂ ਨੂੰ ਸਪਾਂਸਰ ਕਰਨ ਦੀ ਪੇਸ਼ਕਸ਼ ਕੀਤੀ ਹੈ। ਵਿਸ਼ਵ ਬੈਂਕ ਦੇ ਡਾਇਰੈਕਟਰ ਭਾਰਤ ਜੁਨੇਦ ਅਹਿਮਦ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਜੇ ਪੰਜਾਬ ਪਾਣੀ, ਊਰਜਾ ਅਤੇ ਖੇਤੀ ਦੀ ਚੁਣੌਤੀ ਦਾ ਸਾਹਮਣਾ ਕਰ ਲੈਂਦਾ ਹੈ ਤਾਂ ਇਹ ਛੋਟੇ ਪ੍ਰੋਜੈਕਟਾਂ ਨੂੰ ਹੋਰ ਵਧੀਆ ਅਤੇ ਵਿਆਪਕ ਪੱਧਰ ’ਤੇ ਤਬਦੀਲ ਕਰਨ ਲਈ ਵਿਸ਼ਵ ਸਾਹਮਣੇ ਇਕ ਉਦਾਹਰਣ ਕਾਇਮ ਕਰੇਗਾ। ਮੁੱਖ ਮੰਤਰੀ ਨੇ ਪਾਣੀ ਦੇ ਹੇਠਾਂ ਜਾਣ ਅਤੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਬੈਂਕ ਤੋਂ ਸਹਾਇਤਾ ਦੀ ਮੰਗ ਕੀਤੀ।