ਗੁਹਾਟੀ/ਕੋਲਕਾਤਾ, 12 ਅਕਤੂਬਰ
ਵਿਸ਼ਵ ਕੱਪ ਫੁਟਬਾਲ ਅੰਡਰ-17 ਦੇ ਗੁਹਾਟੀ ਅਤੇ ਕੋਲਕਾਤਾ ਵਿੱਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਫਰਾਂਸ ਨੇ ਜਾਪਾਨ, ਇੰਗਲੈਂਡ ਨੇ ਮੈਕਸਿਕੋ, ਹੌਂਡੂਰਸ ਨੇ ਨਿਊ ਕੈਲੇਡੋਨੀਆ ਅਤੇ ਇਰਾਕ ਨੇ ਚਿਲੀ ਨੂੰ ਹਰਾਇਆ।
ਅਮੀਨ ਗੋਇਰੀ ਦੀ ਮਦਦ ਨਾਲ ਫਰਾਂਸ ਨੇ ਗੁਹਾਟੀ ਵਿੱਚ ਗਰੁੱਪ ਈ ਦੇ ਮੁਕਾਬਲੇ ਵਿੱਚ ਜਾਪਾਨ ਨੂੰ 2-1 ਨਾਲ ਹਰਾ ਕੇ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਥਾਂ ਪੱਕੀ ਕੀਤੀ। ਇੰਦਰਾ ਗਾਂਧੀ ਸਟੇਡੀਅਮ ਵਿੱਚ ਫਰਾਂਸ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਵੱਲੋਂ ਖ਼ਾਸ ਤੌਰ ’ਤੇ ਗੋਇਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 13ਵੇਂ ਮਿੰਟ ਵਿੱਚ ਜਾਪਾਨੀ ਗੋਲ ਕੀਪਰ ਕੋਏਈ ਤਾਨੀ ਦੇ ਪੈਰਾਂ ਵਿਚਾਲਿਓਂ ਬਾਲ ਕੱਢ ਕੇ ਆਪਣੀ ਟੀਮ ਨੂੰ ਲੀਡ ਦਿਵਾਈ। ਜਾਪਾਨ ਨੇ ਸ਼ੁਰੂ ਵਿੱਚ ਗੋਲ ਗੁਆਉਣ ਤੋਂ ਬਾਅਦ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਕਈ ਚੰਗੇ ਮੌਕੇ ਬਣਾਏ। ਕਿਸਮਤ ਨੇ ਜਾਪਾਨ ਦੀ ਟੀਮ ਦਾ ਸਾਥ ਨਹੀਂ ਦਿੱਤਾ ਕਿਉਂਕਿ ਕੀਤੋ ਨਕਾਮੁਰਾ ਦਾ ਸ਼ਾਟ ਗੋਲ ਦੇ ਐਨ ਕੋਲੋਂ ਬਾਹਰ ਲੰਘ ਗਿਆ। ਦੂਜੇ ਬੰਨੇ ਫਰਾਂਸ ਦੇ ਮੈਕਸੇਨ ਕਾਕਰੇਟ ਨੇ ਵੀ ਹਾਫ਼ ਟਾਈਮ ਤੋਂ ਐਨ ਪਹਿਲਾਂ ਗੋਲ ਕਰਨ ਦਾ ਚੰਗਾ ਮੌਕਾ ਗੁਆਇਆ। ਫਰਾਂਸ ਹਾਲਾਂਕਿ ਦੂਜੇ ਹਾਫ਼ ਵਿੱਚ ਫੇਰ ਹਾਵੀ ਹੋ ਗਿਆ ਅਤੇ ਇਸ ਗੱਲ ਦਾ ਲਾਹਾ ਉਸ ਨੂੰ 71ਵੇਂ ਮਿੰਟ ਵਿੱਚ ਮਿਲਿਆ ਜਦ ਗੋਇਰੀ ਨੇ ਯਾਸਿਨ ਆਦਿਲ ਦੇ ਪਾਸ ’ਤੇ ਸ਼ਾਨਦਾਰ ਗੋਲ ਕਰ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਜਾਪਾਨ ਨੂੰ ਹਾਲਾਂਕਿ ਇਸ ਤੋਂ ਦੋ ਮਿੰਟ ਬਾਅਦ ਪੈਨਲਟੀ ਮਿਲੀ ਜਿਸ ਨੂੰ ਤਾਇਸੀ ਮਿਆਸ਼ੀਰੋ ਨੇ ਗੋਲ ਵਿੱਚ ਤਬਦੀਲ ਕੀਤਾ। ਫਰਾਂਸ ਦੀ ਇਸ ਟੂਰਨਾਮੈਂਟ ਵਿੱਚ ਇਹ ਲਗਾਤਾਰ ਦੂਜੀ ਜਿੱਤ ਹੈ, ਜਿਸ ਨਾਲ ਉਸ ਦੇ ਦੋ ਮੈਚਾਂ ਵਿੱਚ ਛੇ ਅੰਕ ਹੋ ਗਏ ਹਨ। ਇਸ ਜਿੱਤ ਸਦਕਾ ਉਸ ਨੇ ਨਾਕਆਊਟ ਗੇੜ ਵਿੱਚ ਵੀ ਥਾਂ ਪੱਕੀ ਕਰ ਲਈ ਹੈ। ਫਰਾਂਸ ਨੇ ਆਪਣੇ ਪਹਿਲੇ ਮੈਚ ਵਿੱਚ ਨਿਊ ਕੈਲੇਡੋਨੀਆ ਨੂੰ 7-1 ਨਾਲ ਮਾਤ ਦਿੱਤੀ ਸੀ। ਆਪਣੇ ਪਹਿਲੇ ਮੈਚ ਵਿੱਚ ਹੌਂਡੂਰਸ ਨੂੰ 6-1 ਨਾਲ ਹਰਾਉਣ ਵਾਲੇ ਜਾਪਾਨ ਦੇ ਹੁਣ ਦੋ ਮੈਚਾਂ ਵਿੱਚ ਤਿੰਨ ਅੰਕ ਹਨ। ਉਹ ਆਪਣਾ ਅਗਲਾ ਮੈਚ 14 ਅਕਤੂਬਰ ਨੂੰ ਕੋਲਕਾਤਾ ਵਿੱਚ ਨਿਊ ਕੈਲੇਡੋਨੀਆ ਖ਼ਿਲਾਫ਼ ਖੇਡੇਗਾ ਜਦਕਿ ਫਰਾਂਸ ਉਸੇ ਦਿਨ ਹੌਂਡੂਰਸ ਨਾਲ ਭਿੜੇਗਾ।
ਉਧਰ ਕੋਲਕਾਤਾ ਵਿੱਚ ਇੰਗਲੈਂਡ ਨੇ ਦੋ ਵਾਰ ਦੇ ਚੈਂਪੀਅਨ ਮੈਕਸਿਕੋ ਨੂੰ 3-2 ਨਾਲ ਹਰਾ ਕੇ ਵਿਸ਼ਵ ਕੱਪ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸਾਲਟਲੇਕ ਸਟੇਡੀਅਮ ਵਿੱਚ ਇਹ ਮੈਚ ਦੇਖਣ ਲਈ 40,620 ਦਰਸ਼ਕ ਪੁੱਜੇ ਹੋਏ ਸਨ ਅਤੇ ਉਨ੍ਹਾਂ ਨੂੰ ਮੈਚ ਦੌਰਾਨ ਪੰਜ ਗੋਲ ਦੇਖਣ ਨੂੰ ਮਿਲੇ। ਇੰਗਲੈਂਡ ਨੇ ਪਹਿਲੇ ਘੰਟੇ ਵਿੱਚ ਦਬਦਬਾ ਬਣਾਇਆ ਜਦਕਿ ਮੈਕਸਿਕੋ ਨੇ ਦੂਜੇ ਹਾਫ਼ ਵਿੱਚ ਵਾਪਸੀ ਕੀਤੀ। ਸ਼ੁਰੂਆਤੀ 30 ਮਿੰਟ ਵਿੱਚ ਕੁਝ ਮੌਕੇ ਗੁਆਉਣ ਤੋਂ ਬਾਅਦ ਪਹਿਲਾ ਗੋਲ ਲੀਵਰਪੂਲ ਦੇ ਖਿਡਾਰੀ ਰਿਆਨ ਬਰੁਸਟਰ ਨੇ 39ਵੇਂ ਮਿੰਟ ਵਿੱਚ ਫ੍ਰੀ ਕਿਕ ’ਤੇ ਕੀਤਾ। ਹਾਫ਼ ਟਾਈਮ ਤੋਂ ਬਾਅਦ ਫਿਲਿਪ ਫੋਡੇਨ ਨੇ ਆਪਣੀ ਤੇਜ਼ੀ ਅਤੇ ਬਿਹਤਰੀਨ ਮੂਵਮੈਂਟ ਸਦਕਾ ਇੰਗਲੈਂਡ ਦੀ ਲੀਡ 2-0 ਕਰ ਦਿੱਤੀ। ਜੇਡਨ ਸਾਂਚੋ ਨੇ ਇਸ ਤੋਂ ਬਾਅਦ 57ਵੇਂ ਮਿੰਟ ਵਿੱਚ ਪੈਨਲਟੀ ’ਤੇ ਟੂਰਨਾਮੈਂਟ ਦਾ ਆਪਣਾ ਤੀਜਾ ਗੋਲ ਕਰ ਕੇ ਇੰਗਲੈਂਡ ਨੂੰ 3-0 ਦੀ ਲੀਡ ਦਿਵਾਈ। ਇੰਜ ਲੱਗ ਰਿਹਾ ਸੀ ਕਿ ਇੰਗਲੈਂਡ ਦੀ ਟੀਮ ਦਾ ਪੂਰੇ ਮੈਚ ਵਿੱਚ ਦਬਦਬਾ ਰਿਹਾ ਪਰ ਡੀਏਗੋ ਲੇਨੇਜ਼ (65ਵੇਂ ਅਤੇ 72ਵੇਂ ਮਿੰਟ) ਨੇ ਇਸ ਤੋਂ ਬਾਅਦ ਦੋ ਗੋਲ ਕਰ ਕੇ ਮੈਕਸਿਕੋ ਨੂੰ ਵਾਪਸੀ ਦਿਵਾਈ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾਅ ਸਕਿਆ। ਮੈਕਸਿਕੋ ਦੀ ਇਹ ਟੂਰਨਾਮੈਂਟ ਵਿਚਲੀ ਪਹਿਲੀ ਹਾਰ ਹੈ। ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਇਰਾਕ ਨੂੰ 1-1 ਨਾਲ ਬਰਾਬਰੀ ਤੇ ਰੋਕਿਆ ਸੀ।
ਗੁਹਾਟੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਕਰਵਾਏ ਗਏ ਦੂਜੇ ਮੁਕਾਬਲੇ ਵਿੱਚ ਹੌਂਡੂਰਸ ਨੇ ਨਿਊ ਕੈਲੇਡੋਨੀਆ ਨੂੰ 5-0 ਨਾਲ ਹਰਾਇਆ। ਜੇਤੂ ਟੀਮ ਵੱਲੋਂ ਮੇਜੀਆ ਨੇ 25ਵੇਂ ਤੇ 42ਵੇਂ ਮਿੰਟ ਵਿੱਚ ਦੋ ਗੋਲ, ਕੈਨਾਲੇਜ਼ ਨੇ 27ਵੇਂ ਮਿੰਟ ਵਿੱਚ ਇੱਕ ਗੋਲ ਅਤੇ ਪੈਲਾਸਿਓਸ ਨੇ 51ਵੇਂ ਤੇ 88ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਕੋਲਕਾਤਾ ਵਿੱਚ ਹੋਏ ਦੂਜੇ ਮੁਕਾਬਲੇ ਵਿੱਚ ਇਰਾਕ ਨੇ ਚਿਲੀ ਨੂੰ 3-0 ਨਾਲ ਹਰਾਇਆ। ਇਰਾਕ ਵੱਲੋਂ ਦੋ ਗੋਲ ਐਮ. ਦਾਊਦ ਨੇ 6ਵੇਂ ਤੇ 68ਵੇਂ ਮਿੰਟ ਵਿੱਚ ਅਤੇ ਇੱਕ ਗੋਲ ਡੀ.ਵੈਲਸੀਆ ਨੇ 81ਵੇਂ ਮਿੰਟ ਵਿੱਚ ਕੀਤੇ।