ਲੰਡਨ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਭਾਰਤ ਦਾ ਨਿਰਾਸ਼ਾ ਭਰਿਆ ਪ੍ਰਦਰਸ਼ਨ ਜਾਰੀ ਰਿਹਾ ਅਤੇ ਨਿਰਮਲਾ ਸ਼ਿਓਰਾਣ ਮਹਿਲਾਵਾਂ ਦੀ 400 ਮੀਟਰ ਦੌੜ ਦੇ ਸੈਮੀ ਫਾਈਨਲ ’ਚ ਹੇਠਲੀ ਤਿੱਕੜੀ ’ਚ ਰਹੀ। 22 ਸਾਲਾ ਨਿਰਮਲਾ ਨੇ 53.07 ਸਕਿੰਟ ਦਾ ਸਮਾਂ ਕੱਢਿਆ ਜੋ ਸੈਸ਼ਨ ਦੇ ਉਸ ਦੇ ਸਰਵੋਤਮ ਪ੍ਰਦਰਸ਼ਨ 51.28 ਸਕਿੰਟ ਤੋਂ ਵੀ ਖਰਾਬ ਸੀ। ਉਹ ਸੈਮੀਫਾਈਨਲ ’ਚ ਦੂਜੀ ਹੀਟ ’ਚ ਸੱਤਵੇਂ ਸਥਾਨ ’ਤੇ ਰਹੀ ਅਤੇ ਕੁੱਲ ਮੁਕਾਬਲੇਬਾਜ਼ਾਂ ’ਚ 22ਵਾਂ ਸਥਾਨ ਹਾਸਲ ਕੀਤਾ।
ਸੈਮੀ ਫਾਈਨਲ ’ਚ ਤਿੰਨੋਂ ਹੀਟਾਂ ’ਚ ਮੋਹਰੀ ਦੋ ਅਥਲੀਟ ਫਾਈਲਲ ’ਚ ਪਹੁੰਚੇ। ਬਹਿਰੀਨ ਦੀ ਸਲਵਾ ਈਦ ਨਾਸਿਰ 50.80 ਸਿੰਟ ਦਾ ਸਮਾਂ ਕੱਢ ਕੇ ਸਿਖਰ ’ਤੇ ਰਹੀ ਜਦਕਿ ਸਾਬਕਾ ਚੈਂਪੀਅਨ ਤੇ ਰੀਓ ਓਲੰਪਿਕ ਦੀ ਚਾਂਦੀ ਦਾ ਤਗ਼ਮਾ ਜੇਤੂ ਐਲੀਸਨ ਫੇਲਿਕਸ ਦੂਜੇ ਸਥਾਨ ’ਤੇ ਰਹੀ। ਹਰਿਆਣਾ ਦੀ ਨਿਰਮਲਾ ਜੇਕਰ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਵੀ ਦੁਹਰਾ ਲੈਂਦੀ ਦਾ ਉਸ ਕੋਲ ਫਾਈਨਲ ’ਚ ਪਹੁੰਚਣ ਦਾ ਮੌਕਾ ਹੁੰਦਾ। ਹੀਟ ’ਚ ਉਸ ਨੇ 52.01 ਸਕਿੰਟ ਦਾ ਸਮਾਂ ਕੱਢਿਆ, ਪਰ ਉਹ ਉਸ ਨੂੰ ਵੀ ਦੁਹਰਾ ਨਹੀਂ ਸਕੀ। ਉਸ ਨੇ ਪਿਛਲੇ ਮਹੀਨੇ ਭੁਵਨੇਸ਼ਵਰ ’ਚ ਏਸ਼ਿਆਈ ਚੈਂਪੀਅਨਸ਼ਿਪ ’ਚ ਇਸੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ ਸੀ।
ਦੂਜੇ ਪਾਸੇ ਵਿਸ਼ਵ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੀ ਹੇਪਟਾਥਲਣ ’ਚ 26ਵੇਂ ਸਥਾਨ ’ਤੇ ਰਹੀ ਭਾਰਤੀ ਅਥਲੀਟ ਸਵਪਨਾ ਬਰਮਨ ਨੇ ਦਾਅਵਾ ਕੀਤਾ ਹੈ ਕਿ ਲੱਕ ’ਚ ਵਾਰ-ਵਾਰ ਹੋ ਰਹੀ ਪੀੜ ਕਾਰਨ ਉਹ ਟੂਰਨਾਮੈਂਟ ’ਚੋਂ ਨਾਂ ਵਾਪਸ ਲੈਣ ਕਿਨਾਰੇ ਪਹੁੰਚ ਗਈ ਸੀ। ਬਰਮਨ ਨੇ ਕਿਹਾ ਕਿ ਉਸ ਦੇ ਲੱਕ ’ਚ ਬਹੁਤ ਦਰਦ ਸੀ ਜੋ ਸਭ ਤੋਂ ਪਹਿਲਾਂ ਇੰਚੀਓਨ ਏਸ਼ਿਆਈ ਖੇਡਾਂ 2014 ਦੌਰਾਨ ਹੋਈ ਸੀ। ਇਸ ਮਗਰੋਂ ਸ਼ੁੱਕਰਵਾਰ ਨੂੰ ਪਹਿਲੇ ਮੁਕਾਬਲੇ 100 ਮੀਟਰ ਅੜਿੱਕਾ ਦੌਰਾਨ ਫਿਰ ਤੋਂ ਦਰਦ ਉੱਠੀ। ਬਾਕੀ ਮੁਕਾਬਲੇ ਪੂਰੇ ਕਰਨ ਮਗਰੋਂ ਉਹ 27 ਅਥਲੀਟਾਂ ’ਚ 26ਵੇਂ ਸਥਾਨ ’ਤੇ ਰਹੀ। ਬਰਮਨ ਨੇ ਕਿਹਾ ਕਿ ਉਸ ਨੂੰ 2014 ਏਸ਼ਿਆਈ ਖੇਡਾਂ ’ਚ ਲੱਕ ਪੀੜ ਹੋਈ ਸੀ ਜੋ 2015 ਤੇ 2016 ’ਚ ਵੀ ਰਹੀ। ਉਹ ਜ਼ਿਆਦਾ ਅਭਿਆਸ ਨਹੀਂ ਕਰ ਸੀ। ਉਸ ਨੇ ਕਿਹਾ ਕਿ ਜੇਕਰ ਉਸ ਦੇ ਲੱਕ ’ਚ ਪੀੜ ਨਾ ਹੋਈ ਹੁੰਦੀ ਤਾਂ ਉਹ ਆਪਣਾ ਸਰਵੋਤਮ ਨਿੱਜੀ ਪ੍ਰਦਰਸ਼ਨ ਕਰ ਸਕਦੀ ਸੀ।