ਚੰਡੀਗੜ੍ਹ, 10 ਨਵੰਬਰ
ਪੰਜਾਬ ਸਰਕਾਰ ਨੇ ਵਿਵਾਦਾਂ ਵਿੱਚ ਘਿਰੇ ਐਸ.ਪੀ. ਸਲਵਿੰਦਰ ਸਿੰਘ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਹੈ। ਉਹ ਬਲਾਤਕਾਰ ਦੇ ਦੋ ਕੇਸਾਂ ਵਿੱਚ ਮੁਲਜ਼ਮ ਹੈ ਅਤੇ ਉਸ ਵਿਰੁੱਧ ਵੱਖ ਵੱਖ ਮਾਮਲਿਆਂ ਵਿੱਚ ਪੰਜ ਚਾਰਜਸ਼ੀਟਾਂ ਦਾਇਰ ਹਨ। ਪੰਜਾਬ ਸਰਕਾਰ ਨੇ ਐਸ.ਪੀ. ਅਤੇ ਉਸ ਤੋਂ ਉਪਰਲੇ ਰੈਂਕ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਹੇਠ ਛੇ ਮੈਂਬਰੀ ਕਮੇਟੀ ਬਣਾਈ ਹੋਈ ਹੈ। ਇਸ ਕਮੇਟੀ ਦੀ ਮੀਟਿੰਗ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਹੋਈ, ਜਿਸ ਵਿੱਚ ਐਸ.ਪੀ. ਸਲਵਿੰਦਰ ਸਿੰਘ ਨੂੰ ਜਬਰੀ ਸੇਵਾਮੁਕਤ ਕਰਨ ਦਾ ਫੈਸਲਾ ਕੀਤਾ ਗਿਆ। ਪਿਛਲੇ ਸਾਲ ਪਠਾਨਕੋਟ ਏਅਰਬੇਸ ਉਤੇ  ਅਤਿਵਾਦੀ ਹਮਲੇ ਸਮੇਂ ਸਲਵਿੰਦਰ ਸਿੰਘ (53) ਚਰਚਾ ਵਿੱਚ ਆਇਆ ਸੀ। ਇਸ  ਅਧਿਕਾਰੀ ਨੇ ਉਸ ਵੇਲੇ ਕਿਹਾ ਸੀ ਕਿ ਉਸ ਨੂੰ ਪਾਕਿਸਤਾਨੀ ਅਤਿਵਾਦੀਆਂ ਨੇ ਅਗਵਾ ਕਰ ਲਿਆ  ਸੀ। ਇਸ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਸਲਵਿੰਦਰ ਸਿੰਘ ਕੋਲੋਂ  ਪੁੱਛ-ਪੜਤਾਲ ਕੀਤੀ ਸੀ ਪਰ ਅਜੇ ਤੱਕ ਏਜੰਸੀ ਦੀ ਪੂਰੀ ਰਿਪੋਰਟ ਸਾਹਮਣੇ ਨਹੀਂ ਆ ਸਕੀ।