ਲੁਧਿਆਣਾ, 18 ਜਨਵਰੀ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਜੀਤ ਤੋਂ ਅਸਤੀਫ਼ਾ ਵਿਰੋਧੀ ਧਿਰ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਦੇ ਦਬਾਅ ਕਾਰਨ ਲਿਆ ਹੈ। ਉਨ੍ਹਾਂ ਸਰਕਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਇਸੇ ਮਾਮਲੇ ਵਿੱਚ ਉਨ੍ਹਾਂ ਨੂੰ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁਅੱਤਲ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਕਾਂਗਰਸ ਨੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹੀ ਧੱਕੇਸ਼ਾਹੀ ਸ਼ੁਰੂ ਕਰ ਦਿੱਤੀ ਹੈ। ਵਾਰਡਬੰਦੀ ਦੇ ਨਾਂ ’ਤੇ ਵੱਡਾ ਧੱਕਾ ਕੀਤਾ ਜਾ ਰਿਹਾ ਹੈ। ਆਬਾਦੀ ਦੇ ਹਿਸਾਬ ਨਾਲ ਵਿਧਾਇਕ ਬਲਵਿੰਦਰ ਸਿੰਘ ਬੈਂਸ ਦਾ ਹਲਕਾ (ਦੱਖਣੀ) ਸਭ ਤੋਂ ਵੱਡਾ ਹੈ, ਜਿੱਥੇ 12 ਵਾਰਡ ਬਣਾਏ ਹਨ ਤੇ ਜਿਹੜਾ ਹਲਕਾ (ਪੂਰਬੀ) ਆਬਾਦੀ ਹਿਸਾਬ ਨਾਲ ਦੂਜੇ ਨੰਬਰ ’ਤੇ ਹੈ, ਉਥੇ 19 ਵਾਰਡ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕਾਂਗਰਸ ਦਾ ਧੱਕਾ ਚੱਲਣ ਨਹੀਂ ਦੇਵੇਗੀ। ਉਨ੍ਹਾਂ ਦੱਸਿਆ ਕਿ ਵਾਰਡਬੰਦੀ ਦੇ ਮੁੱਦੇ ’ਤੇ ਪਾਰਟੀ ਨੇ ਹਾਈ ਕੋਰਟ ਵਿੱਚ ਕੇਸ ਕੀਤਾ ਹੈ। ਸੋਮਵਾਰ ਨੂੰ ਹਾਈ ਕੋਰਟ ਨੇ ਸਰਕਾਰ ਤੇ ਵਿਭਾਗਾਂ ਕੋਲੋਂ ਸਾਰੇ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ। ‘ਆਪ’ ਤੇ ਲੋਕ ਇਨਸਾਫ਼ ਪਾਰਟੀ ਵਿਚਾਲੇ ਗੱਠਜੋੜ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਮਿਲ ਕੇ ਨਗਰ ਨਿਗਮ ਲੁਧਿਆਣਾ ਦੀ ਚੋਣ ਲੜਨਗੀਆਂ, ਜਿਸ ਲਈ ਤਿਆਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਨੇ ਆਪੋ-ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਹਨ ਤੇ ਦੋਵੇਂ ਪਾਰਟੀਆਂ ਦੇ ਆਗੂ ਛੇਤੀ ਹੀ ਮੀਟਿੰਗ ਦੌਰਾਨ ਚਰਚਾ ਕਰਕੇ ਉਮੀਦਵਾਰਾਂ ਦੇ ਨਾਂ ’ਤੇ ਫ਼ੈਸਲਾ ਲੈਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਪਾਰਟੀਆਂ ਵਿਚਾਲੇ ਵਾਰਡਾਂ ਦੀ ਗਿਣਤੀ ਨੂੰ ਲੈ ਕੇ ਕੋਈ ਮੱਤਭੇਦ ਨਹੀਂ ਹੈ।