ਚੇਨਈ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਪਹਿਲੇ ਵਨਡੇ ਮੈਚ ‘ਚ ਮਿਲੀ ਜਿੱਤ ਦੇ ਲਈ ਟੀਮ ਦੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਕੋਹਲੀ ਨੇ ਇਸ ਜਿੱਤ ਦਾ ਸਿਹਰਾ ਹਾਰਦਿਕ ਪੰਡਯਾ ਨੂੰ ਦਿੱਤਾ। ਚੇਨਈ ‘ਚ ਆਸਟਰੇਲੀਆ ਖਿਲਾਫ ਖੇਡੇ ਗਏ ਪਹਿਲੇ ਵਨਡੇ ਮੈਚ ‘ਚ ਹਾਰਦਿਕ ਨੇ 66 ਗੇਂਦਾਂ ‘ਚ 83 ਦੌੜਾਂ ਬਣਾਈਆਂ ਸਨ ਅਤੇ ਗੇਂਦਬਾਜ਼ੀ ‘ਚ 2 ਵਿਕਟਾਂ ਵੀ ਹਾਸਲ ਕੀਤੀਆਂ ਸਨ। ਕਪਤਾਨ ਕੋਹਲੀ ਨੇ ਕਿਹਾ ਕਿ ਹਾਰਦਿਕ ਖੁਦ ‘ਤੇ ਵਿਸ਼ਵਾਸ ਰੱਖਦੇ ਹਨ।
ਕੋਹਲੀ ਨੇ ਪੰਡਯਾ ਦੇ ਨਾਲ-ਨਾਲ ਟੀਮ ਦੇ ਸਪਿਨ ਗੇਂਦਬਜ਼ਾਂ ‘ਚ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਦੀ ਪ੍ਰਸ਼ੰਸਾ ਕੀਤੀ। ਚੇਨਈ ਵਨਡੇ ਮੈਚ ‘ਚ ਕੁਲਦੀਪ ਨੇ 2 ਵਿਕਟਾਂ ਹਾਸਲ ਕੀਤੀਆਂ ਅਤੇ ਚਹਿਲ ਨੇ 3 ਵਿਕਟਾਂ ਹਾਸਲ ਕੀਤੀਆਂ। ਕਪਤਾਨ ਨੇ ਕਿਹਾ ਕਿ ਦੋਵਾਂ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 1-1 ਵਿਕਟ ਹਾਸਲ ਕਰਨ ਵਾਲੇ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਮਿਲੀ ਜਿੱਤ ਦਾ ਸਿਹਰਾ ਯੁਵਾ ਗੇਂਦਬਾਜ਼ਾਂ ਨੂੰ ਦੇਣਾ ਚਾਹੀਦਾ ਹੈ।