ਚੰਡੀਗੜ੍ਹ, 28 ਅਗਸਤ
ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਅੱਜ ਆਮ ਆਦਮੀ ਪਾਰਟੀ (ਆਪ) ਦਾ ਵਿਧਾਇਕ ਦਲ ਪੂਰੀ ਤਰ੍ਹਾਂ ਦੋਫਾੜ ਹੋ ਗਿਆ ਅਤੇ ਖਹਿਰਾ ਧੜੇ ਦੀ ਲੋਕ ਇਨਸਾਫ਼ ਪਾਰਟੀ ਦੀ ਬੈਂਸ ਭਰਾਵਾਂ ਨਾਲ ਸਾਂਝ ਜੱਗ-ਜ਼ਾਹਿਰ ਹੋ ਗਈ।
ਵਿਧਾਨ ਸਭਾ ਵਿੱਚ ਅੱਜ ਜਿਉਂ ਹੀ ਪ੍ਰਸ਼ਨ ਕਾਲ ਖ਼ਤਮ ਹੋਇਆ ਤਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਸੇ ਨੁਕਤੇ ਉਪਰ ਬੋਲਣਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਰਕਾਰ ਵੱਲੋਂ ਉਨ੍ਹਾਂ ਦੇ ਇਕ ਸਵਾਲ ਦਾ ਜਵਾਬ ਨਾ ਦੇਣ ਦੇ ਮੁੱਦੇ ਉਪਰ ਬਾਗ਼ੀ ਵਿਧਾਇਕਾਂ ਸਮੇਤ ਸਪੀਕਰ ਦੇ ਆਸਣ ਅੱਗੇ ਚਲੇ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਸ੍ਰੀ ਚੀਮਾ ਦੀ ਗੱਲ ਵਿੱਚੇ ਹੀ ਰੁਲ ਗਈ। ਇਸੇ ਦੌਰਾਨ ਦੋਵੇਂ ਬੈਂਸ ਭਰਾ ਵੀ ਸ੍ਰੀ ਖਹਿਰਾ ਧੜੇ ਦੀ ਹਮਾਇਤ ਵਿੱਚ ਆ ਗਏ ਅਤੇ ਇਨ੍ਹਾਂ ਦੋਵਾਂ ਧਿਰਾਂ ਵਿਚਕਾਰਲੀ ਸਾਂਝ ਵੀ ਜੱਗ-ਜ਼ਾਹਿਰ ਹੋ ਗਈ। ਇਸ ਮੌਕੇ ‘ਆਪ’ ਦੇ ਬਾਗੀ ਧੜੇ ਦੇ 8 ਅਤੇ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਨਾਅਰੇ ਮਾਰਦੇ ਰਹੇ, ਜਿਸ ਕਾਰਨ ਇਸ ਮੌਕੇ ਪਾਰਟੀ ਦੀ ਸਥਿਤੀ ਹਾਸੋਹੀਣੀ ਬਣ ਗਈ। ਇਸੇ ਦੌਰਾਨ ਜਦੋਂ ‘ਆਪ’ ਦੇ ਵਿਧਾਇਕ ਐਚਐਸ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਕੁਝ ਕਾਂਗਰਸੀ ਆਗੂਆਂ ਜਿਨ੍ਹਾਂ ਵੱਲ ਉਸ ਵੇਲੇ ਉਂਗਲਾਂ ਉਠੀਆਂ ਸਨ, ਦੇ ਲਏ ਨਾਵਾਂ ਨੂੰ ਵਿਧਾਨ ਸਭਾ ਦੀ ਕਾਰਵਾਈ ਵਿੱਚ ਰਿਕਾਰਡ ਕਰਨ ਦਾ ਮੁੱਦਾ ਚੁੱਕਿਆ ਤਾਂ ‘ਆਪ’ ਦੀ ਫੁੱਟ ਮੁੜ ਸਿਖਰ ’ਤੇ ਪੁੱਜ ਗਈ। ਦਰਅਸਲ ਕੈਪਟਨ ਵੱਲੋਂ ਸਿੱਖ ਕਤਲੇਆਮ ਵਿਚ ਕੁਝ ਕਾਂਗਰਸੀ ਆਗੂਆਂ ਦੇ ਲਏ ਨਾਮ ਸਪੀਕਰ ਨੇ ਕਾਰਵਾਈ ਵਿੱਚੋਂ ਹਟਾ ਦਿੱਤੇ ਸਨ ਅਤੇ ਸ੍ਰੀ ਫੂਲਕਾ ਇਹ ਨਾਮ ਕਾਰਵਾਈ ਵਿਚ ਪਾਉਣ ਦੀ ਮੰਗ ਕਰ ਰਹੇ ਸਨ। ਇਸ ਮੰਗ ਨੂੰ ਲੈ ਕੇ ਜਦੋਂ ਸ੍ਰੀ ਫੂਲਕਾ ਸਪੀਕਰ ਵੱਲ ਵਧੇ ਤਾਂ ਖਹਿਰਾ ਧੜੇ ਦੇ 8 ਵਿਧਾਇਕ ਆਪਣੇ ਬੈਂਚਾਂ ’ਤੇ ਹੀ ਬੈਠੇ ਰਹੇ। ਇਹ ਦੇਖ ਕੇ ਸ੍ਰੀ ਫੂਲਕਾ ਭਾਵੁਕ ਹੋ ਗਏ ਅਤੇ ਉਨ੍ਹਾਂ ਸ੍ਰੀ ਖਹਿਰਾ ਤੇ ਕੰਵਰ ਸੰਧੂ ਦੇ ਬੈਂਚ ਕੋਲ ਆ ਕੇ ਉਨ੍ਹਾਂ ਨੂੰ ਇਸ ਨਾਜ਼ੁਕ ਮੁੱਦੇ ’ਤੇ ਏਕਤਾ ਦਿਖਾਉਣ ਦੇ ਵਾਸਤੇ ਪਾਏ, ਪਰ ਜਦੋਂ ਉਹ ਬੈਂਚਾਂ ਤੋਂ ਨਾ ਉੱਠੇ ਤਾਂ ਉਨ੍ਹਾਂ ਰੋਹ ਵਿਚ ਆਉਂਦਿਆਂ ਉਨ੍ਹਾਂ ਨੂੰ ਝਾੜਾਂ ਵੀ ਪਾਈਆਂ। ਇਸ ਮੌਕੇ ਬਾਗੀ ਧੜੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕੁਝ ਸਮੇਂ ਲਈ ਉਨ੍ਹਾਂ ਨਾਲ ਜਾ ਕੇ ਪਾਰਟੀ ਦਾ ਸਾਥ ਦਿੱਤਾ, ਪਰ ਫਿਰ ਉਹ ਵੀ ਵਾਪਸ ਆ ਕੇ ਬੈਂਚ ’ਤੇ ਬੈਠ ਗਏ। ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਉੱਠ ਕੇ ਸਪੀਕਰ ਨੂੰ ਉਨ੍ਹਾਂ ਵੱਲੋਂ ਕਾਂਗਰਸੀ ਆਗੂਆਂ ਐਚਕੇਐਲ ਭਗਤ, ਸੱਜਣ ਕੁਮਾਰ, ਅਰਜਨ ਦਾਸ ਅਤੇ ਧਰਮਦਾਸ ਸ਼ਾਸਤਰੀ ਦੇ ਲਏ ਨਾਮ ਕਾਰਵਾਈ ਵਿੱਚ ਪਾਉਣ ਦੀ ਬੇਨਤੀ ਕੀਤੀ ਅਤੇ ਸਪੀਕਰ ਵੱਲੋਂ ਇਹ ਨਾਮ ਕਾਰਵਾਈ ਵਿਚ ਪਾਉਣ ਤੋਂ ਬਾਅਦ ਸ੍ਰੀ ਫੂਲਕਾ ਤੇ ਸ੍ਰੀ ਚੀਮਾ ਸਮੇਤ ਸਮੂਹ ਵਿਧਾਇਕ ਵਾਪਸ ਬੈਂਚਾਂ ’ਤੇ ਆ ਗਏ।
ਅੱਜ ਵਿਧਾਨ ਸਭਾ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਸੱਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਅੱਜ ਮੁੜ ਖਹਿਰਾ ਧੜੇ ਦੇ ਵਿਧਾਇਕ ਗ਼ੈਰਹਾਜ਼ਰ ਰਹੇ ਅਤੇ ਉਨ੍ਹਾਂ ਵੱਖਰੀ ਮੀਟਿੰਗ ਕੀਤੀ। ਬਾਗ਼ੀ ਧੜੇ ਦੇ ਵਿਧਾਇਕ ਬੈਂਸ ਭਰਾਵਾਂ ਨਾਲ ਹੀ ਵਿਧਾਨ ਸਭਾ ਵਿੱਚ ਆਏ ਸਨ।