ਗੁਰਦਾਸਪੁਰ, 9 ਅਕਤੂਬਰ
ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਚਾਰ ਹਲਕਿਆਂ ਤੋਂ ਵਿਧਾਇਕਾਂ ਦਾ ਜ਼ੋਰ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਲੀਡ ਨੂੰ ਬਰਕਰਾਰ ਰੱਖਣ ਉੱਤੇ ਲੱਗਿਆ ਹੋਇਆ ਹੈ ਪਰ ਅਕਾਲੀ-ਭਾਜਪਾ ਗੱਠਜੋੜ ਲੀਡ ਨੂੰ ਤੋੜਨ ਲਈ ਹੀ ਨਹੀਂ ਸਗੋਂ ਕਾਂਗਰਸ ਤੋਂ ਅੱਗੇ ਨਿਕਲਣ ਲਈ ਜ਼ੋਰ ਅਜ਼ਮਾਈ ਕਰ ਰਿਹਾ ਹੈ।
ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਸਾਰੇ 9 ਹਲਕਿਆਂ ਵਿੱਚ ਆਪਣੀ ਸਮੁੱਚੀ ਲੀਡਰਸ਼ਿਪ ਝੋਕ ਦਿੱਤੀ ਹੈ। ਦੀਨਾਨਗਰ  ਹਲਕੇ ਤੋਂ ਕਾਂਗਰਸ ਵਿਧਾਇਕਾ ਤੇ ਪੰਜਾਬ ਦੀ ਸਿੱਖਿਆ ਮੰਤਰੀ ਅਰੁਣਾ ਚੌਧਰੀ 32000 ਦੇ ਵੱਡੇ ਫ਼ਰਕ ਨਾਲ ਜਿੱਤੇ ਸਨ ਅਤੇ ਹੁਣ ਉਨ੍ਹਾਂ ਲਈ ਆਪਣੀ ਲੀਡ ਬਰਕਰਾਰ ਰੱਖਣਾ ਵੱਡੀ ਚੁਣੌਤੀ ਹੈ। ਉਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਹੋਰ ਪਾਰਟੀ ਆਗੂਆਂ ਦੀਆਂ ਰੈਲੀਆਂ ਕਰਵਾ ਚੁੱਕੇ ਹਨ। ਇਸ ਹਲਕੇ ਦੇ ਕੁੱਝ ਸ਼ਹਿਰੀ ਵੋਟਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੁਨੀਲ ਜਾਖੜ ਤੇ ਭਾਜਪਾ ਦੇ ਸਵਰਨ ਸਲਾਰੀਆ ਵਿਚਾਲੇ ਸਖਤ ਟੱਕਰ ਹੈ ਅਤੇ ਆਪ ਦਾ ਉਮੀਦਵਾਰ ਮੁਕਾਬਲੇ ਤੋਂ ਦੂਰ ਹੈ। ਕਾਂਗਰਸ ਨੂੰ ਇਸ ਹਲਕੇ ਦੇ ਪਿੰਡਾਂ ਤੋਂ ਵੱਡੀ ਲੀਡ ਮਿਲਣ ਦੀ ਆਸ ਹੈ। ਜਦੋਂ ਕਿ ਭਾਜਪਾ ਦੇ ਹਮਾਇਤੀ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਸਲਾਰੀਆ ਦੀ ਜਿੱਤ ਦਾ ਦਾਅਵਾ ਕਰਦੇ ਹਨ। ਪਠਾਨਕੋਟ ਹਲਕੇ ਵਿੱਚ ਵੀ ਕਾਂਗਰਸ ਵਿਧਾਇਕ ਅਮਿਤ ਵਿੱਜ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਵਿਧਾਨ ਸਭਾ ਚੋਣਾਂ ਨਾਲੋਂ ਸੱਤ ਤੋਂ ਅੱਠ ਹਜ਼ਾਰ ਵੱਧ ਵੋਟਾਂ ਮਿਲਣ ਦੀ ਆਸ ਹੈ ਜਦਕਿ ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਆਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਸਲਾਰੀਆ ਦੋ ਤੋਂ ਤਿੰਨ ਹਜ਼ਾਰ ਤਕ ਵੱਧ ਵੋਟਾਂ ਲੈ ਕੇ ਜਾਵੇਗਾ। ਇਸ ਦੇ ਨਾਲ ਲੱਗਵੇਂ ਸੁਜਾਨਪੁਰ ਹਲਕੇ ਵਿੱਚੋਂ ਭਾਜਪਾ ਦੇ ਜੇਤੂ ਰਹੇ ਵਿਧਾਇਕ ਦਿਨੇਸ਼ ਬੱਬੂ ਮੁੜ ਆਪਣੀ ਲੀਡ ਬਰਕਰਾਰ ਰੱਖਣ ਲਈ ਦ੍ਹਿੜ ਹਨ ਪਰ ਇਸ ਹਲਕੇ ਦੀ ਕਮਾਨ ਸੰਭਾਲੀ ਬੈਠੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਦਾਅਵਾ ਹੈ ਕਿ ਭਾਵੇਂ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਇਥੋਂ ਨਹੀਂ ਜਿੱਤ ਸਕੀ ਪਰ ਜ਼ਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੀ ਜਿੱਤ ਯਕੀਨੀ ਹੈ। ਅਜਿਹੀ ਹੀ ਸਥਿਤੀ ਭੋਆ ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀ ਹੈ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਡੇ ਫਰਕ ਨਾਲ ਜਿੱਤ ਪ੍ਰਤੀ ਆਸਵੰਦ ਹਨ। ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਆਪਣੇ ਹੋਰ ਸੀਨੀਅਰ ਸਾਥੀਆਂ ਹਰਜੀਤ ਗਰੇਵਾਲ, ਮਨੋਰੰਜਨ ਕਾਲੀਆ ਸਮੇਤ ਵੱਖ ਵੱਖ ਹਲਕਿਆਂ ਵਿੱਚ ਡਟੇ ਹੋਏ ਹਨ।
ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਠਾਨਕੋਟ ਸਮੇਤ ਹੋਰ ਹਲਕਿਆਂ ਵਿੱਚ ਪ੍ਰਚਾਰ ਨੂੰ ਤੇਜ਼ ਕਰਨ ਲਈ ਹੰਭਲਾ ਮਾਰਿਆ ਹੈ।