ਕੋਲੰਬੋ, 24 ਮਾਰਚ
ਸ੍ਰੀਲੰਕਾ ਦੇ ਮਹਾਨ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਵਿਦੇਸ਼ ਤੋਂ ਪਰਤਣ ਮਗਰੋਂ ਹੁਣ ਉਹ ਇਕਾਂਤਵਾਸ ’ਚ ਚਲਾ ਗਿਆ ਹੈ। ਕੋਵਿਡ-19 ਕਾਰਨ ਸ੍ਰੀਲੰਕਾ ਦੀ ਸਰਕਾਰ ਨੇ ਵੀ ਨਿਰਦੇਸ਼ ਦਿੱਤੇ ਹਨ ਕਿ ਯੂਰੋਪ ਤੋਂ ਪਰਤੇ ਨਾਗਰਿਕਾਂ ਨੂੰ ਖ਼ੁਦ ਨੂੰ ਇਕਾਂਤਵਾਸ ’ਚ ਚਲੇ ਜਾਣਾ ਚਾਹੀਦਾ ਹੈ। ਸੰਗਾਕਾਰਾ ਨੇ ਨਿਊਜ਼ ਫਸਟ ਨੂੰ ਦੱਸਿਆ, “ਮੇਰੇ ’ਚ ਕੋਈ ਲੱਛਣ ਸਾਹਮਣੇ ਨਹੀਂ ਆਇਆ, ਪਰ ਮੈਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਿਹਾ ਹਾਂ।” ਉਸਨੇ ਕਿਹਾ, “ਮੈਂ ਇੱਕ ਹਫ਼ਤਾ ਪਹਿਲਾਂ ਲੰਡਨ ਤੋਂ ਪਰਤਿਆ ਸੀ ਅਤੇ ਮੈਂ ਵੇਖਿਆ ਕਿ ਪਹਿਲੀ ਤੋਂ 15 ਮਾਰਚ ਤੱਕ ਵਿਦੇਸ਼ ਤੋਂ ਆਉਣ ਵਾਲਿਆਂ ਲਈ ਇਹ ਜ਼ਰੂਰੀ ਸੀ ਕਿ ਉਹ ਪੁਲਿਸ ਕੋਲ ਰਜਿਸਟਰ ਹੋਣ ਅਤੇ ਖ਼ੁਦ ਨੂੰ ਇਕਾਂਤਵਾਸ ਵਿੱਚ ਰੱਖਣ। ਮੈਂ ਪੁਲਿਸ ਕੋਲ ਆਪਣਾ ਨਾਮ ਦਰਜ ਕਰਵਾ ਦਿੱਤਾ ਹੈ।”
ਸੰਗਾਕਾਰਾ ਅਤੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਘਬਰਾਹਟ ਤੋਂ ਬਚਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰ ਰਹੇ ਹਨ। ਸ੍ਰੀਲੰਕਾ ਵਿੱਚ ਕੋਵਿਡ-19 ਦੇ 80 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜੇਸਨ ਗਿਲੈਸਪੀ ਵੀ ਇੰਗਲੈਂਡ ਤੋਂ ਪਰਤਣ ਮਗਰੋਂ ਦੋ ਹਫ਼ਤਿਆਂ ਲਈ ਵੱਖ ਹੋ ਗਿਆ ਹੈ।