ਨਵੀਂ ਦਿੱਲੀ — ਭਾਰਤ ਅਤੇ ਕੈਨੇਡਾ ਨੇ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਅਤੇ ਪ੍ਰੋਟੈਕਸ਼ਨ ਐਗਰੀਮੈਂਟ ਭਾਵ ਐੱਫ. ਆਈ. ਪੀ. ਪੀ. ਏ. ਸਮਝੌਤੇ ਨੂੰ ਲਗਭਗ ਆਖਰੀ ਰੂਪ ਦੇ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਕੈਨੇਡਾ ਦੇ ਕੌਮਾਂਤਰੀ ਵਪਾਰ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਨੇ ਕੀਤੀ ਹੈ। ਜਿਹੜੇ ਅਗਲੇ ਹਫਤੇ ਵਪਾਰਕ ਮਿਸ਼ਨ ‘ਤੇ ਭਾਰਤ ਆ ਰਹੇ ਹਨ, 3 ਮੰਤਰੀਆਂ ਦੇ ਗਰੁੱਪ ‘ਚ ਸ਼ਾਮਲ ਹਨ। ਅਗਲੇ ਹਫਤੇ ਕੈਨੇਡਾ ਦੇ 3 ਕੈਬਨਿਟ ਮੰਤਰੀਆਂ ਦੀ ਅਗਵਾਈ ‘ਚ 165 ਮੈਂਬਰਾਂ ਦਾ ਵਫਦ ਭਾਰਤ ਆ ਰਿਹਾ ਹੈ, ਜਿਨ੍ਹਾਂ ‘ਚ 85 ਬਿਜ਼ਨੈਸਮੈਨ ਹਨ। ਭਾਰਤ ਆ ਰਹੇ 3 ਮੰਤਰੀਆਂ ‘ਚ ਕੈਨੇਡਾ ਦੇ ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਕੈਨੇਡਾ ਦੇ ਕੌਂਮਾਂਤਰੀ ਵਪਾਰ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਅਤੇ ਟਰਾਂਸਪੋਰਟ ਮੰਤਰੀ ਮਾਰਕ ਗਰਨਿਊ ਸ਼ਾਮਲ ਹਨ। ਜਿਹੜੇ 11 ਨਵੰਬਰ ਤੋਂ 16 ਨਵੰਬਰ ਤੱਕ ਭਾਰਤ ਦਾ ਦੌਰਾ ਕਰਨਗੇ। ਕੈਨੇਡੀਅਨ ਵਫਦ ਨਵੀਂ ਦਿੱਲੀ, ਮੁੰਬਈ ਤੋਂ ਇਲਾਵਾ ਹੋਰ ਸ਼ਹਿਰਾਂ ‘ਚ ਵੀ ਬੈਠਕਾਂ ‘ਚ ਹਿੱਸਾ ਲਵੇਗਾ। ਨਵਦੀਪ ਬੈਂਸ ਅਤੇ ਫ੍ਰੈਂਕੋਇਸ ਇਸ ਤੋਂ ਪਹਿਲਾਂ ਵੀ ਭਾਰਤ ਦਾ ਦੌਰਾ ਕਰ ਚੁੱਕੇ ਹਨ। ਭਾਰਤ ਦੌਰੇ ਤੋਂ ਪਹਿਲਾਂ ਕਿ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੌਮਾਂਤਰੀ ਵਪਾਰ ਮੰਤਰੀ ਫ੍ਰੈਂਕੋਇਸ ਨੇ ਕਿਹਾ ਕਿ ਭਾਰਤ-ਕੈਨੇਡਾ ਨੇ ਵਿਦੇਸ਼ ਨਿਵੇਸ਼ ਸਮਝੌਤੇ ਨੂੰ ਲਗਭਗ ਆਖਰੀ ਰੂਪ ਦੇ ਦਿੱਤਾ ਹੈ ਅਤੇ 2018 ‘ਚ ਇਸ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਫ੍ਰੈਂਕੋਇਸ ਨੂੰ ਕੌਮਾਂਤਰੀ ਵਪਾਰ ਮੰਤਰੀ ਬਣਾਉਣ ਮਗਰੋਂ ਉਹ ਇਸ ਸਾਲ ਮਾਰਚ ਮਹੀਨੇ ਭਾਰਤ ਦੌਰੇ ‘ਤੇ ਆਏ ਸੀ।
ਜ਼ਿਕਰਯੋਗ ਹੈ ਕਿ 3 ਕੈਬਨਿਟ ਮੰਤਰੀਆਂ ਦੀ ਅਗਵਾਈ ‘ਚ ਕੈਨੇਡਾ ਦਾ ਵਫਦ ਅਜਿਹੇ ਸਮੇਂ ਭਾਰਤ ਆ ਰਿਹਾ ਹੈ ਜਦੋਂ ਬੀਤੀ ਦਿਨੀਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੌਰੇ ‘ਤੇ ਜਾਣਾ ਚਾਹੁੰਦੇ ਹਨ ਅਤੇ ਉਹ ਛੇਤੀ ਹੀ ਭਾਰਤ ਦਾ ਦੌਰਾ ਕਰ ਸਕਦੇ ਹਨ। ਉਮੀਦ ਹੈ ਕਿ ਇਨ੍ਹਾਂ 3 ਮੰਤਰੀਆਂ ਦੇ ਭਾਰਤ ਦੌਰੇ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵੀ ਭਾਰਤ ਦੌਰੇ ‘ਤੇ ਜਾਣ।