ਚੰਡੀਗੜ, 12 ਫਰਵਰੀ

ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਰਿਆਇਤੀ ਬੱਸ ਪਾਸ, ਸੇਵਾ ਕੇਂਦਰਾਂ ਰਾਹੀਂ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਖੁਲਾਸਾ ਕਰਦਿਆਂ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਬੱਸ ਪਾਸ ਜਾਰੀ ਕਰਨ ਸਬੰਧੀ ਵਿਦਿਆਰਥੀ ਪ੍ਰਵਾਨਤ ਅਰਜ਼ੀ ਫਾਰਮ ‘ਤੇ ਪ੍ਰਤੀ ਬੇਨਤੀ ਸਮੇਤ ਦਸਤਾਵੇਜ਼ ਨੇੜੇ ਦੇ ਸੇਵਾ ਕੇਂਦਰਾਂ ਵਿੱਚ ਜਮਾਂ ਕਰਵਾਉਣਗੇ। ਇਸ ਮਗਰੋਂ ਸੇਵਾ ਕੇਂਦਰਾਂ ਵੱਲੋਂ ਫਾਰਮ ਸਕੈਨ ਕਰਕੇ ਆਨਲਾਈਨ ਤਰੀਕੇ ਨਾਲ ਪਾਸ ਜਾਰੀ ਕਰਤਾ ਅਧਿਕਾਰੀ/ਅਥਾਰਟੀ ਨੂੰ ਭੇਜੇ ਜਾਣਗੇ ਅਤੇ ਜਾਰੀ ਕਰਤਾ ਅਥਾਰਟੀ ਅਪਲੋਡ ਕੀਤੇ ਡੇਟਾ ਨੂੰ ਘੋਖਣ ਮਗਰੋਂ ਸੇਵਾ ਕੇਂਦਰ ਨੂੰ ਵਾਪਸ ਭੇਜੇਗਾ। ਸੇਵਾ ਕੇਂਦਰ ਵਿਦਿਆਰਥੀਆਂ ਨੂੰ ਬੱਸ ਪਾਸ ਮੁਹੱਈਆ ਕਰਵਾਉਣ ਮਗਰੋਂ ਬੱਸ ਪਾਸ ਪ੍ਰਾਰਥੀ ਦੇ ‘ਡਿਜੀਲਾਕਰ’ ਅਕਾਊਂਟ ਵਿੱਚ ਭੇਜੇਗਾ।

ਹੋਰ ਵੇਰਵੇ ਦਿੰਦਿਆਂ ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਆਨਲਾਈਨ ਪੜਤਾਲ ਲਈ ਦੂਜੇ ਪੜਾਅ ਵਿੱਚ ਵਿਦਿਆਰਥੀਆਂ ਨੂੰ ਬੱਸ ਪਾਸ ਜਾਰੀ ਕਰਨ ਸਬੰਧੀ ਪ੍ਰਤੀ ਬੇਨਤੀਆਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਲਈਆਂ ਜਾਣਗੀਆਂ। ਇਸ ਮੰਤਵ ਲਈ ਬੱਸ ਪਾਸ ਸੇਵਾ ਕੇਂਦਰਾਂ ਰਾਹੀਂ ਜਾਰੀ ਕਰਨ ਦੀ ਸੇਵਾ ਸ਼ੁਰੂ ਕਰਨ ਲਈ ਕਮੇਟੀ ਕਾਇਮ ਕੀਤੀ ਗਈ ਹੈ। ਇਹ ਕਮੇਟੀ ਵਿਦਿਆਰਥੀਆਂ ਨੂੰ ਬੱਸ ਪਾਸ ਸੇਵਾ ਕੇਂਦਰਾਂ ਰਾਹੀਂ ਜਾਰੀ ਕਰਨ ਦੀ ਸੇਵਾ ਸ਼ੁਰੂ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ/ਕਮੀਆਂ ਨੂੰ ਦੂਰ ਕਰਨ ਲਈ ਅਤੇ ਸੇਵਾ ਕੇਂਦਰਾਂ ਰਾਹੀਂ ਹੋਰ ਵਾਧੂ ਸੇਵਾਵਾਂ ਜਾਰੀ ਕਰਨ ਸਬੰਧੀ ਲਗਾਤਾਰ ਮੀਟਿੰਗਾਂ ਕਰੇਗੀ।