ਪਟਿਆਲਾ, 9 ਮਈ
ਇਥੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇੱਕ ਦਿਨ ਦੇ ਨੋਟਿਸ ’ਤੇ ਹੋਸਟਲਾਂ ’ਚੋਂ ਸਮਾਨ ਚੁੱਕਣ ਦੇ ਹੁਕਮ ਦੇਣ ਖ਼ਿਲਾਫ਼ ਮਗਰੋਂ ਵਿਦਿਆਰਥੀਆਂ ਵਿੱਚ ਰੋਸ ਫੈਲ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਰਫਿਊ ਤੇ ਲੌਕਡਾਊਨ ਦੇ ਬਾਵਜੂਦ ਇਕ ਦਿਨ ਦੇ ਨੋਟਿਸ ’ਤੇ ਉਹ ਕਿਧਰ ਜਾਣ। ਉਨ੍ਹਾਂ ਕਿਹਾ ਕਿ ਹੋਸਟਲਾਂ ਤੋਂ ਇਲਾਵਾ ਸ਼ਹਿਰ ’ਚ ਹੋਰ ਬਹੁਤ ਸਾਰੀਆਂ ਥਾਵਾਂ ਹਨ, ਜਿਥੇ ਆਈਸੋਲੇਸ਼ਨ ਸੈਂਟਰ ਬਣਾਏ ਜਾ ਸਕਦੇ ਹਨ।
ਪ੍ਰਸ਼ਾਸਨ ਵੱਲੋਂ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਸਮੇਤ ਕਈ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀ ਹੋਸਟਲਾਂ ਨੂੰ ਕਰੋਨਾਵਾਇਰਸ ਦੇ ਮੱਦੇਨਜ਼ਰ ਆਈਸੋਲੇਸ਼ਨ ਸੈਂਟਰਾਂ ਵਿੱਚ ਤਬਦੀਲ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਖ਼ਿਲਾਫ਼ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਈ ਮੇਲ ਰਾਹੀਂ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਈਮੇਲ ਰਾਹੀਂ ਮੰਗ ਪੱਤਰ ਸੌਂਪਿਆ ਗਿਆ ਸੀ। ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਪਹਿਲ ਦੇ ਆਧਾਰ ਉੱਤੇ ਪ੍ਰਾਈਵੇਟ ਹਸਪਤਾਲਾਂ, ਧਰਮਸ਼ਾਲਾਵਾਂ ਅਤੇ ਸ਼ਹਿਰ ਵਿਚਲੀਆਂ ਹੋਰ ਕਈ ਥਾਵਾਂ ਮੌਜੂਦ ਹਨ, ਜਿਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ 8 ਮਈ ਨੂੰ ਨੋਟਿਸ ਕੱਢਿਆ ਗਿਆ, ਜਿਸ ਵਿੱਚ 9 ਮਈ ਤੱਕ ਹੋਸਟਲਾਂ ਵਿੱਚੋਂ ਸਾਮਾਨ ਚੱਕਣ ਲਈ ਆਖਿਆ ਗਿਆ ਹੈ। ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਜਿੰਮੀ, ਪੀਐੱਸਯੂ ਲਲਕਾਰ ਦੇ ਗੁਰਪ੍ਰੀਤ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੀ ਜਸਪ੍ਰੀਤ ਕੌਰ ਅਤੇ ਆਇਰਸਾ ਵੱਲੋਂ ਰਵੀ ਕੰਗ ਨੇ ਯੂਨੀਵਰਸਿਟੀ ਅਤੇ ਪਟਿਆਲਾ ਦੇ ਪ੍ਰਸ਼ਾਸਨ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਬਹੁਤ ਸਾਰੀਆਂ ਕਿਤਾਬਾਂ ਅਤੇ ਹੋਰ ਸਾਮਾਨ ਹੋਸਟਲਾਂ ਵਿੱਚ ਹੈ ਅਤੇ ਬਹੁਤ ਸਾਰੇ ਵਿਦਿਆਰਥੀ ਦੂਰ ਦੁਰਾਡੇ ਦੀਆਂ ਜ਼ਿਲ੍ਹਿਆਂ ਅਤੇ ਹੋਰ ਰਾਜਾਂ ਤੋਂ ਹਨ ਤੇ ਇੱਕ ਦਿਨ ਵਿੱਚ ਹੋਸਟਲ ਅੰਦਰੋਂ ਸਾਮਾਨ ਚੁੱਕਣ ਦੀ ਗੱਲ ਕਰਨਾ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ ਹੈ।