ਚੰਡੀਗੜ੍ਹ, 12 ਸਤੰਬਰ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਇਕ ਥਾਣੇਦਾਰ ਅਤੇ ਇਕ ਏ.ਐਸ.ਆਈ ਨੂੰਰਿਸ਼ਵਤਖੇਰੀ ਦੋ ਵੱਖ-ਵੱਖ ਕੇਸਾਂ ਵਿਚ ਰੰਗੇ ਹੱਥੀ ਕਾਬੂ ਕਰ ਲਿਆ
       ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ  ਥਾਣਾ  ਅਮੀਰ ਖ਼ਾਸ,  ਫਿਰੋਜ਼ਪੁਰ ਵਿਖੇ ਤਾਇਨਾਤ ਇੰਸਪੈਕਟਰ ਸਾਹਿਬ ਸਿੰਘ ਨੂੰ ਵਿਜੈ ਕੁਮਾਰ ਵਾਸੀ ਜਲਾਲਾਬਾਦ ਦੀ ਸ਼ਿਕਾਇਤ ‘ਤੇ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ  ਇੱਕ ਕੇਸ ਵਿੱਚ ਉਸ ਦੀ ਜਬਤ ਕੀਤੀ ਗਈ ਕਣਕ ਅਤੇ ਟਰੱਕ ਨੂੰ ਸੁਪਰਦਦਾਰੀ ‘ਤੇ ਪ੍ਰਾਪਤ ਕਰਨ ਦੇ ਇਵਜ ਵਿਚ ਉਕਤ ਇੰਸਪੈਕਟਰ ਵਲੋਂ ਇਕ ਲੱਖ ਦੀ ਮੰਗ ਕੀਤੀ ਗਈ ਜਿਸ ਦੀ ਪਹਿਲੀ ਕਿਸ਼ਤ ਵਜੋਂ ਅੱਜ 50 ਹਜਾਰ ਰੁਪਏ ਦਿੱਤੇ ਜਾਣੇ ਹਨ।
       ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫਿਰੋਜਪੁਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
         ਇਸੇ ਤਰ੍ਹਾਂ ਇਕ ਹੋਰ ਰਿਸ਼ਵਤ ਦੇ ਕੇਸ ਵਿਚ ਥਾਣਾ ਤ੍ਰਿਪੜੀ, ਪਟਿਆਲਾ ਵਿਖੇ ਤਾਇਨਾਤ ਏ.ਐਸ.ਆਈ. ਜਗੀਰ ਸਿੰਘ ਨੂੰ ਸ਼ਿਕਾਇਤਕਰਤਾ ਰਾਹੁਲ ਕੁਮਾਰ  ਵਾਸੀ ਮਾਨਕਪੁਰ, ਥਾਣਾ ਬਨੂੜ, ਲੁਧਿਆਣਾ ਦੀ ਸ਼ਿਕਾਇਤ ‘ਤੇ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਗੱਡੀ ਨੰਬਰ 13-ਏ.ਆਰ-4129 (ਡਸਟਰ) ਵਿੱਚ ਮਿਤੀ 09-09-17 ਨੂੰ 29 ਪੇਟੀਆਂ ਸਰਾਬ ਚੰਡੀਗੜ੍ਹ ਮਾਰਕਾ ਫੜੀ ਸੀ, ਜਿਸ ਦੇ ਸਬੰਧ ਵਿੱਚ ਐਕਸਾਇਜ ਐਕਟ ਅਧੀਦ ਥਾਣਾ ਤ੍ਰਿਪੜੀ ਟਾਊਨ ਪਟਿਆਲਾ ਵਿਖੇ ਪਰਚਾ ਦਰਜ ਕੀਤਾ ਗਿਆ ਸੀ। ਮੁਕੱਦਮੇ ਵਿਚ ਸ਼ਾਮਲ ਗੱਡੀ ਨੰਬਰ 13-ਏ.ਆਰ-4129 ਨੂੰ ਰਿਲੀਜ਼ ਕਰਨ ਦੇ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਸਨ। ਗੱਡੀ ਦੇ ਰਿਲੀਜ਼ ਆਰਡਰ ਤੇ ਰਿਪੋਰਟ ਕਰਨ ਬਦਲੇ 20,000/-ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਸੌਦਾ 10,000/- ਰੁਪਏ ਵਿਚ ਤੈਅ ਹੋ ਗਿਆ।
       ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਥਾਣੇਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
       ਬੁਲਾਰੇ ਨੇ ਦੱਸਿਆ ਕਿ  ਉਕਤ ਦੋਸ਼ੀ ਖਿਲਾਫ਼ ਵਿਜੀਲੈਂਸ  ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।