ਹੁਸ਼ਿਆਰਪੁਰ, ਇਥੇ ਬੀਤੀ ਰਾਤ ਵਿਆਹ ਦੇ ਜਸ਼ਨਾਂ ਦੌਰਾਨ ਗੋਲੀ ਲੱਗਣ ਕਾਰਨ 22 ਸਾਲਾ ਐਮਬੀਏ ਵਿਦਿਆਰਥਣ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੱਠਾ ਬਾਜ਼ਾਰ ਵਿੱਚ ਬੀਤੀ ਰਾਤ ਅਸ਼ੋਕ ਖੋਸਲਾ ਸ਼ੋਕੀ ਨਾਂ ਦੇ ਵਿਅਕਤੀ ਦੇ ਘਰ ਵਿਆਹ ਦਾ ਸੰਗੀਤ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਲਾੜੀ ਦੇ ਪਿਓ ਅਤੇ ਦੋਸਤਾਂ ਵੱਲੋਂ ਚਲਾਈ ਗੋਲੀ ਸਾਕਸ਼ੀ ਅਰੋੜਾ ਨਾਂ ਦੀ ਵਿਦਿਆਰਣ ਨੂੰ ਲਗ ਗਈ ਤੇ ਉਸ ਦੀ ਮੌਤ ਹੋ ਗਈ। ਜਦੋਂ ਸਾਕਸ਼ੀ ਦੇ ਗੋਲੀ ਲੱਗੀ ਉਹ ਆਪਣੇ ਘਰ ਦੀ ਛੱਤ ਤੋਂ ਗੁਆਂਢ ਵਿੱਚ ਪ੍ਰੋਗਰਾਮ ਦੇਖ ਰਹੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਸਾਕਸ਼ੀ ਏਪੀਜੇ ਕਾਲਜ ਜਲੰਧਰ ਤੋਂ ਐਮਬੀਏ ਕਰ ਰਹੀ ਸੀ।
ਘਟਨਾ ਦਾ ਪਤਾ ਚੱਲਣ ’ਤੇ ਡੀਐਸਪੀ ਸੁਖਵਿੰਦਰ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਸ਼ੋਕੀ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ ਉਸ ਦਾ ਦੋਸਤ ਮੌਕੇ ਤੋਂ ਫਰਾਰ ਹੋ ਗਿਆ। ਲੜਕੀ ਦੇ ਪੋਸਟਮਾਰਟਮ ਦੌਰਾਨ ਉਸ ਦੇ ਸਰੀਰ ਤੋਂ ਛੱਰੇ ਮਿਲੇ ਹਨ। ਪੁਲੀਸ ਨੇ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।