ਐਸ.ਏ.ਐਸ. ਨਗਰ (ਮੁਹਾਲੀ),  ਮੁਹਾਲੀ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਅਰਚਨਾ ਪੁਰੀ ਨੇ ਬੁੱਧਵਾਰ ਨੂੰ ਪੰਜ ਸਾਲ ਪੁਰਾਣੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਮਰਪ੍ਰੀਤ ਸਿੰਘ ਸੇਠੀ ਕਤਲ ਕੇਸ ’ਚ 9 ਜਣਿਆਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਲੁਧਿਆਣਾ ਦਿਹਾਤੀ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਮੰਗਲੀ ਦੇ ਪੁੱਤਰ ਜਸਵਿੰਦਰ ਸਿੰਘ ਮੰਗਲੀ ਉਰਫ਼ ਖੱਟੂ, ਧਰਮਿੰਦਰ ਸਿੰਘ ਉਰਫ਼ ਗੁਗਨੀ ਵਾਸੀ ਥਾਣਾ ਮਿਹਰਬਾਨ, ਸੁਨੀਲ ਭਨੋਟ ਉਰਫ਼ ਛੋਟੀ ਵਾਸੀ ਸੈਕਟਰ-45 ਚੰਡੀਗੜ੍ਹ, ਰਜਤ ਸ਼ਰਮਾ ਵਾਸੀ ਬੁੜੈਲ, ਓਂਕਾਰ ਸਿੰਘ ਵਾਸੀ ਨੰਗਲ ਦਿਆਲ ਸਿੰਘ (ਅੰਮ੍ਰਿਤਸਰ), ਸਨਵੀਰ ਸਿੰਘ ਵਾਸੀ ਸ਼ਾਸਤਰੀ ਨਗਰ ਅੰਮ੍ਰਿਤਸਰ, ਦੀਪਕ ਕੌਸ਼ਲ ਉਰਫ਼ ਗੋਲੂ ਵਾਸੀ ਫੇਜ਼-3 ਏ, ਵਿਸ਼ਾਲ ਕੁਮਾਰ ਵਾਸੀ ਨਵੀਂ ਦਿੱਲੀ ਅਤੇ ਕੈਵਿਨ ਸੁਸ਼ਾਂਤ ਉਰਫ਼ ਰਿਚੀ ਵਾਸੀ ਖਰੜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਅਸਲਾਧਾਰੀ ਦੋਸ਼ੀਆਂ ਖੱਟੂ, ਗੁਗਨੀ, ਸੁਨੀਲ, ਰਜਤ, ਕੈਵਿਨ ਅਤੇ ਵਿਸ਼ਾਲ ਨੂੰ 1-1 ਲੱਖ ਅਤੇ ਬਾਕੀ ਦੋਸ਼ੀਆਂ ਨੂੰ 75-75 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਦੱਸਣਯੋਗ ਹੈ ਕਿ ਮੁਹਾਲੀ ਦੇ ਫੇਜ਼-3ਏ ਵਿੱਚ 27 ਫਰਵਰੀ, 2013 ਦੀ ਰਾਤ ਨੂੰ ਮੁਹਾਲੀ ਦੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਦੇ ਵੱਡੇ ਭਰਾ ਅਮਰਜੀਤ ਸਿੰਘ ਸੇਠੀ ਦੇ ਗੁਆਂਢ ’ਚ ਪੀਜੀ ਵਿੱਚ ਰਹਿੰਦੇ ਇਨ੍ਹਾਂ ਨੌਜਵਾਨਾਂ ਨਾਲ ਕਾਰ ਪਾਰਕਿੰਗ ਨੂੰ ਲੈ ਕੇ ਵਕੀਲ ਅਮਰਪ੍ਰੀਤ ਸੇਠੀ ਪੁੱਤਰ ਅਮਰਜੀਤ ਸੇਠੀ ਦਾ ਮਾਮੂਲੀ ਝਗੜਾ ਹੋ ਗਿਆ ਸੀ। ਵਕੀਲ ਨੇ ਇਨ੍ਹਾਂ ਨੌਜਵਾਨਾਂ ਨੂੰ ਆਪਣੇ ਘਰ ਅੱਗੇ ਕਾਰ ਲਾਉਣ ਤੋਂ ਰੋਕਿਆ ਸੀ ਅਤੇ ਮਕਾਨ ਮਾਲਕ ਜਨਕ ਰਾਜ ਨੂੰ ਵੀ ਉਲਾਂਭਾ ਦਿੱਤਾ ਸੀ। ਇਸ ਗੱਲੋਂ ਭੜਕੇ ਨੌਜਵਾਨਾਂ ਨੇ ਐਡਵੋਕੇਟ ਅਮਰਪ੍ਰੀਤ ਸਿੰਘ (34) ਦਾ ਕਤਲ ਕਰ ਦਿੱਤਾ ਸੀ। ਮੁਹਾਲੀ ਦੇ ਡਿਪਟੀ ਮੇਅਰ ਤੇ ਇਸ ਕੇਸ ਦੇ ਸ਼ਿਕਾਇਤਕਰਤਾ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਭਾਵੇਂ ਬਾਦਲ ਵਜ਼ਾਰਤ ਵੇਲੇ ਹੁਕਮਰਾਨਾਂ ਨੇ ਇਸ ਕੇਸ ਨੂੰ ਕਮਜ਼ੋਰ ਕਰਨ ਦੀ ਕੋਈ ਕਸਰ ਨਹੀਂ ਛੱਡੀ ਪਰ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਸੀ।