ਰੂੜੇਕੇ ਕਲਾਂ, ‘ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂ ਸੱਭਿਆਚਾਰਕ ਨੀਤੀ ਲੱਚਰ ਗਾਇਕੀ ਤੇ ਅਸ਼ਲੀਲਤਾ ਨੂੰ ਠੱਲ੍ਹ ਪਾਵੇਗੀ।’ ਇਹ ਗੱਲ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿੰਡ ਖੁੱਡੀ ਖੁਰਦ ਦੇ ਨਿੱਜੀ ਦੌਰੇ ਮੌਕੇ ਆਖੀ। ਉਨ੍ਹਾਂ ਕਿਹਾ ਕਿ ਅਸ਼ਲੀਲਤਾ ਤੇ ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਦਾ ਇਹੀ ਕਾਰਗਾਰ ਤਰੀਕਾ ਹੈ ਕਿ ਅਸੀਂ ਆਪਣੀ ਲੀਕ ਲੰਮੀ ਕਰ ਲਈਏ। ਉਨ੍ਹਾਂ ਕਿਹਾ ਕਿ ਮਨੀਪੁਰ ਤੋਂ ਬਾਅਦ ਪੰਜਾਬ, ਦੇਸ਼ ਦਾ ਦੂਜਾ ਸੂਬਾ ਹੈ ਜਿਸਨੇ ਆਪਣੀ ਸੱਭਿਆਚਾਰਕ ਨੀਤੀ ਬਣਾਈ ਹੈ। ਉਨ੍ਹਾਂ ਕਿਹਾ ਕਿ ਇਸੇ ਨੀਤੀ ਤਹਿਤ ਪੰਜਾਬ ਦੀ ਨੌਜਵਾਨੀ ਤੇ ਬੱਚਿਆਂ ਨੂੰ ਸੂਬੇ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਿਆ ਜਾਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਦੀ ਅਗਵਾਈ ਹੇਠ ਕਲਚਰ ਪਾਰਲੀਮੈਂਟ ਇਸ ਨੀਤੀ ਨੂੰ ਹੇਠਲੇ ਪੱਧਰ ’ਤੇ ਲਾਗੂ ਕਰੇਗੀ ਅਤੇ ਪਿੰਡਾਂ ਨੂੰ ਕਲਾ ਪ੍ਰੀਸ਼ਦ ਨਾਲ ਜੋੜਿਆ ਜਾਵੇਗਾ। ਮਿਉਂਸਿਪਲ ਮੁਲਾਜ਼ਮਾਂ ਨੂੰ ਤਨਖ਼ਾਹ ਨਾ ਮਿਲਣ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਲੀਹੋਂ ਲਾਹ ਦਿੱਤਾ ਅਤੇ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਪੰਜਾਬ ਦੀ ਨਵੀਂ ਆਊਟਡੋਰ ਇਸ਼ਤਿਹਾਰ ਨੀਤੀ ਬਣਾਈ ਗਈ ਹੈ, ਜਿਸ ਨਾਲ ਘੱਟੋ-ਘੱਟ 200 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਮਿੱਥਿਆ ਗਿਆ ਹੈ। ਪਹਿਲਾਂ ਇਹ ਕਮਾਈ ਸਿਰਫ਼ 20 ਕਰੋੜ ਰੁਪਏ ਸੀ। ਪਿੰਡ ਖੁੱਡੀ ਖੁਰਦ ਦੇ ਪੰਚ ਭਗਵਾਨ ਦਾਸ ਦੇ ਘਰ ਨਿੱਜੀ ਫੇਰੀ ’ਤੇ ਆਏ ਸ੍ਰੀ ਸਿੱਧੂ ਨੇ  ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਪਿੰਡ ਵਿੱਚ ਖੇਡ ਢਾਂਚਾ ਉਸਾਰਨ ਲਈ ਪੰਜ ਲੱਖ ਰੁਪਏ ਅਤੇ ਸਕੂਲ ਲਈ ਤਿੰਨ ਲੱਖ ਰੁਪਏ ਦੀ ਗਰਾਂਟ ਅਖਤਿਆਰੀ ਕੋਟੇ ਵਿੱਚੋਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਕੇਂਦਰੀ ਥੀਮ ਤਹਿਤ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਲੇਖਕਾ ਡਾ. ਗੁਰਮੇਲ ਕੌਰ ਜੋਸ਼ੀ ਨੇ ਮਲਵਈ ਸੱਭਿਆਚਾਰ ਬਾਰੇ ਲਿਖੀਆਂ ਚਾਰ ਪੁਸਤਕਾਂ ਦਾ ਸੈੱਟ ਸ੍ਰੀ ਸਿੱਧੂ ਨੂੰ ਭੇਟ ਕੀਤਾ। ਇਸ ਮੌਕੇ ਬਰਨਾਲਾ ਦੇ ਏਡੀਸੀ ਅਰਵਿੰਦਰ ਪਾਲ ਸਿੰਘ ਸੰਧੂ, ਐੱਸਐੱਸਪੀ ਹਰਜੀਤ ਸਿੰਘ, ਸੰਗਰੂਰ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ, ਲੁਧਿਆਣਾ (ਦਿਹਾਤੀ) ਦੇ ਐੱਸਐੱਸਪੀ ਸੁਰਜੀਤ ਸਿੰਘ, ਪੀਐਸਪੀਸੀਐਲ ਦੇ ਚੀਫ਼ ਇੰਜੀਨੀਅਰ ਬਲਬੀਰ ਸਿੰਘ ਸਿੱਧੂ, ਤਰਕ ਭਾਰਤੀ ਪ੍ਰਕਾਸ਼ਨ ਦੇ ਪ੍ਰਕਾਸ਼ਨ ਅਮਿਤ ਮਿੱਤਰ, ਸਰਪੰਚ ਲਵਪ੍ਰੀਤ ਸਿੰਘ ਤੇ ਕਈ ਹੋਰ ਪਤਵੰਤੇ ਹਾਜ਼ਰ ਸਨ।