ਫ਼ਰੀਦਕੋਟ,  
ਜ਼ਿਲ੍ਹਾ ਪੁਲੀਸ ਨੇ ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਬੰਦ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਸਮੇਤ ਸੱਤ ਕੈਦੀਆਂ ਖ਼ਿਲਾਫ਼ ਜੇਲ੍ਹ ਵਿੱਚ ਮੋਬਾਈਲ ਵਰਤਣ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਲੱਖਾ ਸਿਧਾਣਾ ਕੌਮੀ ਮਾਰਗਾਂ ’ਤੇ ਲੱਗੇ ਸਾਈਨ ਬੋਰਡਾਂ ’ਤੇ ਕਾਲਖ਼ ਪੋਚਣ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਤਹਿਤ ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਬੰਦ ਹੈ। ਉਸ ਨੇ ਕੱਲ੍ਹ ਫੇਸਬੁੱਕ ’ਤੇ ਲਾਈਵ ਹੁੰਦਿਆਂ ਪਲੀਤ ਹੋ ਰਹੇ ਵਾਤਾਵਰਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਸਬੰਧੀ ਆਮ ਲੋਕਾਂ ਤੇ ਕਿਸਾਨਾਂ ਨੂੰ ਸੰਬੋਧਨ ਕੀਤਾ ਸੀ। ਪੁਲੀਸ ਨੇ ਲੱਖਾ ਸਿਧਾਣਾ, ਉਸ ਦੀ ਬੈਰਕ ਨੰਬਰ 14 ਵਿੱਚ ਮੌਜੂਦ ਹਵਾਲਾਤੀ ਰਾਜਿੰਦਰ ਸਿੰਘ, ਕੈਦੀ ਬੇਅੰਤ ਸਿੰਘ, ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਰਵਿੰਦਰ ਸਿੰਘ ਖ਼ਿਲਾਫ਼ ਜੇਲ੍ਹ ਐਕਟ ਅਤੇ ਆਈਪੀਸੀ ਦੀ ਧਾਰਾ 420 ਤਹਿਤ ਕੇਸ ਦਰਜ ਕਰ ਲਿਆ ਹੈ।